ਅਮਰੀਕੀ ਡਾਕਟਰਾਂ ਨੇ ਲੱਭਿਆ ਕੋਰੋਨਾ ਦਾ ਇਲਾਜ, ਕਰੀਬ 100 ਫੀਸਦੀ ਮਰੀਜ਼ਾਂ ਦੀ ਜਾਨ ਬਚਾਉਣ ਦਾ ਦਾਅਵਾ

Sunday, Sep 27, 2020 - 02:19 PM (IST)

ਅਮਰੀਕੀ ਡਾਕਟਰਾਂ ਨੇ ਲੱਭਿਆ ਕੋਰੋਨਾ ਦਾ ਇਲਾਜ, ਕਰੀਬ 100 ਫੀਸਦੀ ਮਰੀਜ਼ਾਂ ਦੀ ਜਾਨ ਬਚਾਉਣ ਦਾ ਦਾਅਵਾ

ਵਾਸ਼ਿੰਗਟਨ (ਬਿਊਰੋ): ਦੁਨੀਆ ਭਰ ਦੇ ਵਿਗਿਆਨੀ ਕੋਰੋਨਾਵਾਇਰਸ ਦਾ ਸਫਲ ਇਲਾਜ ਲੱਭਣ ਵਿਚ ਜੁਟੇ ਹੋਏ ਹਨ। ਇਸ ਦੌਰਾਨ ਅਮਰੀਕਾ ਦੇ ਫਲੋਰੀਡਾ ਦੇ ਡਾਕਟਰਾਂ ਨੇ ਕਿਹਾ ਹੈ ਕਿ ਉਹਨਾਂ ਨੇ ਕੋਰੋਨਾਵਾਇਰਸ ਬੀਮਾਰੀ ਦਾ ਇਕ ਇਲਾਜ ਲੱਭ ਲਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਨਵਾਂ ਇਲਾਜ ਕਰੀਬ 100 ਫੀਸਦੀ ਸਫਲਤਾ ਦੇਣ ਵਾਲਾ ਹੈ। ਅਮਰੀਕਾ ਦੇ ਫਲੋਰੀਡਾ ਦੇ ਐਡਵੇਂਟਹੈਲਥ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਚਾਰ ਤਰ੍ਹਾਂ ਦੀਆਂ ਦਵਾਈਆਂ ਨੂੰ ਮਿਲਾ ਕੇ ਇਕ ਥੈਰੇਪੀ ਤਿਆਰ ਕੀਤੀ ਹੈ, ਜਿਸ ਦਾ ਨਾਮ ICAM ਹੈ। ਇਸ ਥੈਰੇਪੀ ਨੂੰ ਇਮਿਊਨ ਸਿਸਟਮ ਨੂੰ ਬੂਸਟ ਕਰਨ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਹੈ। 

fox35orlando.com 'ਤੇ ਛਪੀ ਰਿਪੋਰਟ ਦੇ ਮੁਤਾਬਕ, ਨਵੀਂ ਥੈਰੇਪੀ ਨੂੰ ਤਿਆਰ ਕਰਨ ਵਾਲੇ ਡਾਕਟਰਾਂ ਨੇ ਇਮਿਊਨ ਸਿਸਟਮ ਨੂੰ ਬੂਸਟ ਕਰਨ ਦੇ ਨਾਲ-ਨਾਲ ਫੇਫੜਿਆਂ ਨੂੰ ਇਨਫਲੈਮੇਸ਼ਨ ਤੋਂ ਬਚਾਉਣ ਦਾ ਖਿਆਲ ਵੀ ਰੱਖਿਆ ਹੈ। ਫਿਲਹਾਲ ਨਵੀਂ ਥੈਰੇਪੀ ਦਾ ਕਲੀਨਿਕਲ ਟ੍ਰਾਇਲ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਡਾਕਟਰਾਂ ਨੂੰ ਸਕਰਾਤਮਕ ਨਤੀਜੇ ਆਉਣ ਦੀ ਆਸ ਹੈ। ਟ੍ਰਾਇਲ ਦੇ ਦੌਰਾਨ ਜੇਕਰ ICAM ਥੈਰੇਪੀ ਸੁਰੱਖਿਅਤ ਅਤੇ ਪ੍ਰਭਾਵੀ ਸਾਬਤ ਹੁੰਦੀ ਹੈ ਤਾਂ ਬਿਨਾਂ ਹਸਪਤਾਲ ਵਿਚ ਭਰਤੀ ਕੀਤੇ ਕੋਰੋਨਾ ਮਰੀਜ਼ਾਂ ਦਾ ICAM  ਨਾਲ ਇਲਾਜ ਕੀਤਾ ਜਾ ਸਕਦਾ ਹੈ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਕੋਵਿਡ-19 ਟੀਕੇ ਨੂੰ ਸਾਂਝਾ ਕਰਨ ਦੀ ਕੀਤੀ ਅਪੀਲ

ਇੱਥੇ ਦੱਸ ਦਈਏ ਕਿ ਹੁਣ ਤੱਕ ਕੋਰੋਨਾ ਦੀ ਇਕ ਵੀ ਅਜਿਹੀ ਪ੍ਰਭਾਵੀ ਦਵਾਈ ਨਹੀਂ ਲੱਭੀ ਜਾ ਸਕੀ ਹੈ ਜੋ ਜ਼ਿਆਦਾਤਰ ਗੰਭੀਰ ਮਰੀਜ਼ਾਂ ਦੀ ਜਾਨ ਬਚਾ ਸਕੇ। ਉੱਥੇ ਦੁਨੀਆ ਭਰ ਵਿਚ ਇਸ ਸਮੇਂ ਕਈ ਦਰਜਨ ਕੋਰੋਨਾ ਵੈਕਸੀਨ ਦਾ ਟ੍ਰਾਇਲ ਵੀ ਕੀਤਾ ਜਾ ਰਿਹਾ ਹੈ ਪਰ ਕਈ ਮਾਹਰ ਇਹ ਵੀ ਕਹਿ ਚੁੱਕੇ ਹਨ ਕਿ ਸਿਰਫ ਵੈਕਸੀਨ ਦੇ ਜ਼ਰੀਏ ਕੋਰੋਨਾ ਮਹਾਮਾਰੀ ਖਤਮ ਕਰਨਾ ਆਸਾਨ ਨਹੀਂ ਹੈ। ਵੈਕਸੀਨ ਹਰੇਕ ਵਿਅਕਤੀ ਨੂੰ ਸੁਰੱਖਿਆ ਦੇਵੇ, ਇਹ ਵੀ ਜ਼ਰੂਰੀ ਨਹੀਂ। ਅਜਿਹੇ ਵਿਚ ਮਾਹਰ ਹੋਰ ਵਿਕਲਪਾਂ ਦੀ ਤਲਾਸ਼ ਵੀ ਕਰ ਰਹੇ ਹਨ। 

ਐਡਵੇਂਟਹੈਲਥ ਹਸਪਤਾਲ ਦੀ ਡਾਇਰੈਕਟਰ ਆਫ ਫਾਰਮੇਸੀ ਕਾਰਲੇਟ ਨੋਰਵੁੱਡ ਵਿਲੀਅਮਜ਼ ਨੇ ਫੌਕਸ 35 ਨੂੰ ਕਿਹਾ ਕਿ ਅਧਿਐਨ ਦੇ ਨਤੀਜੇ ਆਉਣ ਦੇ ਬਾਅਦ ਸਾਨੂੰ ਅਗਲੇ ਕਦਮ ਦੀ ਜਾਣਕਾਰੀ ਮਿਲੇਗੀ। ਪਰ ਉਹਨਾਂ ਨੇ ਕਿਹਾ ਕਿ ICAM ਮਰੀਜ਼ਾਂ ਨੂੰ ਗੰਭੀਰ ਬੀਮਾਰ ਹੋਣ ਤੋਂ ਬਚਾਉਂਦਾ ਹੈ। ਇਸ ਲਈ ਉਹਨਾਂ ਨੂੰ ਵੈਂਟੀਲੇਟਰ 'ਤੇ ਰੱਖਣ ਦੀ ਲੋੜ ਨਹੀਂ ਪੈਂਦੀ। ਖੋਜੀਆਂ ਨੇ ਕਿਹਾ ਕਿ ਨਵੇਂ ਥੈਰੇਪੀ ਦੇ ਜ਼ਰੀਏ 96.4 ਫੀਸਦੀ ਕੋਰੋਨਾ ਮਰੀਜ਼ਾਂ ਦੀ ਜਾਨ ਬਚਾਈ ਜਾ ਸਕਦੀ ਹੈ। ਖੋਜੀ ਅਪ੍ਰੈਲ ਤੋਂ ਹੀ ਇਸ ਥੈਰੇਪੀ 'ਤੇ ਕੰਮ ਕਰ ਰਹੇ ਹਨ। ਡਾਕਟਰਾਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ICAM ਨਵੀਂ ਦਵਾਈ ਨਹੀਂ ਹੈ ਸਗੋਂ ਇਸ ਵਿਚ 4 ਦਵਾਈਆਂ ਦੀ ਇਕੱਠੇ ਵਰਤੋਂ ਕੀਤੀ ਗਈ ਹੈ। ਇਹਨਾਂ ਵਿਚ ਇਮਿਊਨੋਸਪੋਰਟ ਡਰੱਗ (ਵਿਟਾਮਿਨ ਸੀ ਅਤੇ ਜਿੰਕ), Corticosteroids, Anticoagulants ਅਤੇ Macrolides ਸ਼ਾਮਲ ਹਨ।


author

Vandana

Content Editor

Related News