ਕੋਵਿਡ-19 ਦੀ ਰੋਕਥਾਮ 'ਚ ਅਮਰੀਕਾ ਨੂੰ ਮਿਲੀ ਸਫ਼ਲਤਾ, ਟੀਕੇ ਦਾ ਬਾਂਦਰਾਂ 'ਚ ਦਿਖਿਆ ਪਾਜ਼ੇਟਿਵ ਪ੍ਰਭਾਵ
Wednesday, Jul 29, 2020 - 05:38 PM (IST)
ਵਾਸ਼ਿੰਗਟਨ (ਭਾਸ਼ਾ) : ਕੋਵਿਡ-19 ਦੀ ਰੋਕਥਾਮ ਲਈ ਅਮਰੀਕੀ ਜੈਵ ਤਕਨੀਕੀ ਕੰਪਨੀ (ਮਾਡਰਨਾ) ਵੱਲੋਂ ਵਿਕਸਿਤ ਟੀਕਾ ਬਾਂਦਰਾਂ ਵਿਚ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਵਿਚ ਪ੍ਰਭਾਵੀ ਸਾਬਤ ਹੋਇਆ ਹੈ। ਐਮ.ਆਰ.ਐਨ.ਏ.-1273 ਨਾਮ ਦਾ ਇਹ ਟੀਕਾ ਮਾਡਰਨਾ ਅਤੇ ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਐਂਡ ਇੰਫੈਕਸ਼ਸ ਡਿਸੀਜ਼ ਦੇ ਮਾਹਰਾਂ ਨੇ ਮਿਲ ਕੇ ਤਿਆਰ ਕੀਤਾ ਹੈ।
ਬਾਂਦਰਾਂ 'ਤੇ ਕੀਤੇ ਗਏ ਇਸ ਟੀਕੇ ਦੇ ਪ੍ਰੀਖਣ ਦੇ ਨਤੀਜੇ 'ਨਿਊ ਇੰਗਲੈਂਡ ਜਰਨਲ ਆਫ ਮੈਡੀਸਿਨ' ਵਿਚ ਪ੍ਰਕਾਸ਼ਿਤ ਹੋਏ ਹਨ। ਇਸ ਖੋਜ ਵਿਚ ਸ਼ਾਮਲ 8 ਬਾਂਦਰਾਂ ਨੂੰ 3 ਸਮੂਹਾਂ ਵਿਚ ਵੰਡ ਕੇ 10 ਜਾਂ 100 ਮਾਈਕ੍ਰੋਗਗਰਾਮ ਦੇ 2 ਇੰਜੈਕਸ਼ਨ ਦਿੱਤੇ ਗਏ। ਖੋਜ ਕਰਤਾਵਾਂ ਨੇ ਕਿਹਾ ਕਿ ਟੀਕਾ ਮਿਲਣ ਦੇ ਬਾਅਦ ਬਾਂਦਰਾਂ ਵਿਚ ਸਾਰਸ-ਕੋਵ-2 ਨੂੰ ਕੰਟਰੋਲ ਕਰਣ ਵਾਲੀ ਐਂਟੀਬਾਡੀ ਕਾਫ਼ੀ ਗਿਣਤੀ ਵਿਚ ਪੈਦਾ ਹੋ ਗਈ।
ਉਥੇ ਹੀ ਰੂਸ ਤੋਂ ਇਕ ਚੰਗੀ ਖ਼ਬਰ ਆਈ ਹੈ। ਰੂਸ ਦੇ ਵਿਗਿਆਨੀਆਂ ਦਾ ਦਾਅਵਾ ਹੈ ਕਿ ਉਹ ਅਗਸਤ ਦੇ ਮੱਧ ਤੱਕ ਕੋਰੋਨਾਵਾਇਰਸ ਦੀ ਪਹਿਲੀ ਵੈਕਸੀਨ ਨੂੰ ਮਨਜ਼ੂਰੀ ਦੇ ਸਕਦੇ ਹਨ। ਮਤਲਬ ਅਗਲੇ ਦੋ ਹਫਤਿਆਂ ਵਿਚ ਰੂਸ ਕੋਰੋਨਾਵਾਇਰਸ ਦੀ ਵੈਕਸੀਨ ਬਾਜ਼ਾਰ ਵਿਚ ਉਤਾਰ ਦੇਵੇਗਾ। ਰੂਸੀ ਅਧਿਕਾਰੀਆਂ ਅਤੇ ਵਿਗਿਆਨੀਆਂ ਨੇ ਸੀ.ਐੱਨ.ਐੱਨ. ਚੈਨਲ ਨੂੰ ਦੱਸਿਆ ਕਿ ਉਹ ਵੈਕਸੀਨ ਦੀ ਮਨਜ਼ੂਰੀ ਦੇ ਲਈ 10 ਅਗਸਤ ਜਾਂ ਉਸ ਤੋਂ ਪਹਿਲਾਂ ਦੀ ਤਰੀਕ 'ਤੇ ਕੰਮ ਕਰ ਰਹੇ ਹਨ। ਇਸ ਵੈਕਸੀਨ ਨੂੰ ਮਾਸਕੋ ਸਥਿਤ ਗਾਮਾਲੇਯਾ ਇੰਸਟੀਚਿਊਟ ਵਿਚ ਬਣਾਇਆ ਗਿਆ ਹੈ। ਗਾਮਾਲੇਯਾ ਇੰਸਟੀਚਿਊਟ ਦੇ ਵਿਗਿਆਨੀਆਂ ਦਾ ਦਾਅਵਾ ਹੈ ਕਿ ਉਹ ਇਸ ਵੈਕਸੀਨ ਨੂੰ ਆਮ ਜਨਤਾ ਦੀ ਵਰਤੋਂ ਦੇ ਲਈ 10 ਅਗਸਤ ਤੱਕ ਮਨਜ਼ੂਰੀ ਦਿਵਾ ਲੈਣਗੇ ਪਰ ਇਹ ਸਭ ਤੋਂ ਪਹਿਲਾਂ ਫਰੰਟਲਾਈਨ ਸਿਹਤ ਵਰਕਰਾਂ ਨੂੰ ਦਿੱਤੀ ਜਾਵੇਗੀ।