ਓਮੀਕਰੋਨ ਦੀ ਦਹਿਸ਼ਤ ਵਿਚਕਾਰ ਅਮਰੀਕਾ ਨੇ ਸੰਕਰਮਿਤ ਲੋਕਾਂ ਨੂੰ ਦਿੱਤੀ ਵੱਡੀ ਰਾਹਤ

Tuesday, Dec 28, 2021 - 11:21 AM (IST)

ਨਿਊਯਾਰਕ (ਏਪੀ)- ਅਮਰੀਕਾ ਨੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਮਰੀਜ਼ਾਂ ਲਈ ਆਈਸੋਲੇਸ਼ਨ ਦੀ ਮਿਆਦ 10 ਦਿਨਾਂ ਤੋਂ ਘਟਾ ਕੇ ਪੰਜ ਦਿਨ ਕਰ ਦਿੱਤੀ ਹੈ ਅਤੇ ਉਨ੍ਹਾਂ ਦੇ ਨਜ਼ਦੀਕੀ ਸੰਪਰਕ ਵਿੱਚ ਰਹਿਣ ਵਾਲੇ ਲੋਕਾਂ ਲਈ ਆਈਸੋਲੇਸ਼ਨ ਦੀ ਮਿਆਦ ਵੀ ਘਟਾ ਦਿੱਤੀ ਹੈ। ਦੇਸ਼ ਦੇ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਦਿਸ਼ਾ-ਨਿਰਦੇਸ਼ ਇਸ ਗੱਲ ਦੇ ਵੱਧਦੇ ਸਬੂਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਰੀ ਕੀਤੇ ਗਏ ਹਨ ਕਿ ਲੱਛਣ ਦਿਖਾਈ ਦੇਣ ਤੋਂ ਦੋ ਦਿਨ ਪਹਿਲਾਂ ਅਤੇ ਤਿੰਨ ਦਿਨ ਬਾਅਦ ਕੋਰੋਨਾ ਵਾਇਰਸ ਜ਼ਿਆਦਾ ਛੂਤਕਾਰੀ ਹੁੰਦਾ ਹੈ। ਇਹ ਫ਼ੈਸਲਾ ਵਾਇਰਸ ਦੇ ਓਮੀਕਰੋਨ ਰੂਪ ਦੇ ਵੱਧਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ। 

ਮਾਹਿਰਾਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਖੋਜਾਂ ਤੋਂ ਪਤਾ ਚੱਲਦਾ ਹੈ ਕਿ ਓਮੀਕਰੋਨ ਤੋਂ ਕੋਰੋਨਾ ਵਾਇਰਸ ਦੇ ਪਹਿਲੇ ਰੂਪਾਂ ਨਾਲੋਂ ਹਲਕੇ ਲੱਛਣ ਹੋ ਸਕਦੇ ਹਨ ਪਰ ਵੱਡੀ ਗਿਣਤੀ ਵਿਚ ਲੋਕ ਸੰਕਰਮਿਤ ਹੋ ਰਹੇ ਹਨ ਅਤੇ ਕੁਆਰੰਟੀਨ ਸੈਂਟਰ, ਏਅਰਲਾਈਨਜ਼ ਅਤੇ ਹੋਰ ਕਾਰੋਬਾਰ ਖੁੱਲ੍ਹੇ ਰਹਿਣ ਸਬੰਧੀ ਚੁਣੌਤੀ ਪੈਦਾ ਹੋ ਰਹੀ ਹੈ। ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ ਦੇ ਨਿਰਦੇਸ਼ਕ ਰੋਸ਼ੇਲ ਵੈਲੇਨਸਕੀ ਨੇ ਕਿਹਾ ਕਿ ਦੇਸ਼ ਵਿੱਚ ਓਮੀਕਰੋਨ ਦੇ ਬਹੁਤ ਸਾਰੇ ਮਾਮਲੇ ਦੇਖੇ ਜਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਾਰੇ ਮਾਮਲੇ ਗੰਭੀਰ ਨਹੀਂ ਹਨ ਅਤੇ ਬਹੁਤ ਸਾਰੇ ਮਰੀਜ਼ਾਂ ਵਿਚ ਲੱਛਣ ਨਹੀਂ ਦਿਸ ਰਹੇ ਹਨ। ਅਸੀਂ ਅਜਿਹੀ ਪ੍ਰਣਾਲੀ ਨੂੰ ਯਕੀਨੀ ਬਣਾਉਣਾ ਚਾਹੁੰਦੇ ਹਾਂ ਤਾਂ ਜੋ ਅਸੀਂ ਵਿਗਿਆਨ ਦੀ ਪਾਲਣਾ ਕਰਦੇ ਹੋਏ ਸਮਾਜ ਦੇ ਕੰਮਕਾਜ ਨੂੰ ਸੁਰੱਖਿਅਤ ਢੰਗ ਨਾਲ ਜਾਰੀ ਰੱਖ ਸਕੀਏ। 

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ -50 ਡਿਗਰੀ ਤੱਕ ਪਹੁੰਚਿਆ ਪਾਰਾ, ਜਾਨਲੇਵਾ ਠੰਡ ਨਾਲ ਜਨਜੀਵਨ ਪ੍ਰਭਾਵਿਤ

ਨਵੇਂ ਨਿਰਦੇਸ਼ਾਂ ਮੁਤਾਬਕ ਸੰਕਰਮਿਤ ਪਾਏ ਜਾਣ ਦੇ ਬਾਅਦ ਹੁਣ ਲੋਕਾਂ ਨੂੰ ਪੰਜ ਦਿਨਾਂ ਤੱਕ ਇਕਾਂਤਵਾਸ ਵਿਚ ਰਹਿਣਾ ਹੋਵੇਗਾ ਅਤੇ ਪੰਜ ਦਿਨ ਦੀ ਮਿਆਦ ਦੇ ਅੰਤ ਵਿੱਚ ਕੋਈ ਲੱਛਣ ਨਾ ਹੋਣ 'ਤੇ ਉਹ ਕੰਮ 'ਤੇ ਵਾਪਸ ਆ ਸਕਦੇ ਹਨ ਪਰ ਉਨ੍ਹਾਂ ਨੂੰ ਘੱਟੋ-ਘੱਟ ਹੋਰ ਪੰਜ ਦਿਨਾਂ ਲਈ ਹਰ ਜਗ੍ਹਾ ਮਾਸਕ ਪਾਉਣਾ ਪਵੇਗਾ, ਇੱਥੋਂ ਤੱਕ ਕਿ ਘਰ ਵਿੱਚ ਵੀ। ਜੇਕਰ ਪੰਜ ਦਿਨਾਂ ਦੇ ਆਈਸੋਲੇਸ਼ਨ ਤੋਂ ਬਾਅਦ ਵੀ ਬਿਮਾਰੀ ਦੇ ਲੱਛਣ ਬਣੇ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਸਿਹਤਮੰਦ ਹੋਣ ਤੱਕ ਘਰ ਵਿਚ ਹੀ ਰਹਿਣਾ ਪਵੇਗਾ।


Vandana

Content Editor

Related News