ਅਮਰੀਕਾ ਦੇ ਸਿੱਖ ਸੰਗਠਨ ਦੀ ਨਵੀਂ ਯੋਜਨਾ, ਅੰਮ੍ਰਿਤਸਰ 'ਚ ਤਿਆਰ ਕਰੇਗੀ 450 ਜੰਗਲ

06/23/2022 2:37:14 PM

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਵਿੱਚ ਇੱਕ ਸਿੱਖ ਸੰਗਠਨ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ 2027 ਵਿੱਚ ਅੰਮ੍ਰਿਤਸਰ ਦੀ 450ਵੀਂ ਵਰ੍ਹੇਗੰਢ ਮਨਾਉਣ ਲਈ ਅਗਲੇ ਪੰਜ ਸਾਲਾਂ ਵਿੱਚ ਪਵਿੱਤਰ ਸ਼ਹਿਰ ਵਿੱਚ 450 ਜੰਗਲ ਤਿਆਰ ਕਰਨ ਦੀ ਯੋਜਨਾ ਬਣਾ ਰਹੀ ਹੈ। "ਈਕੋਸਿੱਖ" ਸੰਸਥਾ 27 ਜੂਨ ਨੂੰ ਅੰਮ੍ਰਿਤਸਰ ਦੇ 445ਵੇਂ ਸਥਾਪਨਾ ਦਿਵਸ 'ਤੇ ਇੱਕ ਮੁਹਿੰਮ ਸ਼ੁਰੂ ਕਰੇਗੀ, ਤਾਂ ਜੋ ਸ਼ਹਿਰ ਨੂੰ ਦਰਪੇਸ਼ ਵਾਤਾਵਰਣ ਸੰਕਟ ਨਾਲ ਨਜਿੱਠਣ ਵਿਚ ਮਦਦ ਮਿਲ ਸਕੇ। ਇੱਕ ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ "ਈਕੋ ਅੰਮ੍ਰਿਤਸਰ 450" ਨਾਮਕ ਇਹ ਮੁਹਿੰਮ ਪੰਜ ਸਾਲਾਂ ਤੱਕ ਚੱਲੇਗੀ ਅਤੇ ਵਾਤਾਵਰਣ ਸੰਬੰਧੀ ਯਤਨਾਂ ਦੇ ਸਮਰਥਨ ਲਈ ਸਿਵਲ ਸੁਸਾਇਟੀ, ਵਿਦਿਅਕ ਸੰਸਥਾਵਾਂ, ਪ੍ਰਵਾਸੀ ਭਾਈਚਾਰੇ, ਧਾਰਮਿਕ ਅਤੇ ਸਰਕਾਰੀ ਸੰਸਥਾਵਾਂ ਨੂੰ ਸ਼ਾਮਲ ਕਰੇਗੀ। 

ਈਕੋਸਿੱਖ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਾਲ ਹੀ ਦੇ ਸਾਲਾਂ ਵਿੱਚ ਸ਼ਹਿਰ ਹਵਾ ਦੀ ਗੁਣਵੱਤਾ ਵਿੱਚ ਗਿਰਾਵਟ ਅਤੇ ਧਰਤੀ ਹੇਠਲੇ ਪਾਣੀ ਦੇ ਸਰੋਤਾਂ ਦੇ ਘਟਣ ਦਾ ਸ਼ਿਕਾਰ ਹੋਇਆ ਹੈ। ਇਸ ਨੂੰ ਸੁਧਾਰਨ ਲਈ ਵਿਵਸਥਿਤ ਕੂੜਾ ਪ੍ਰਬੰਧਨ ਅਤੇ ਬੁਨਿਆਦੀ ਢਾਂਚੇ ਦੀ ਵੀ ਗੰਭੀਰ ਘਾਟ ਹੈ। ਸੰਸਥਾ ਦੇ ਗਲੋਬਲ ਪ੍ਰੈਜ਼ੀਡੈਂਟ ਡਾ: ਰਾਜਵੰਤ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਹਰ ਰੋਜ਼ 1,00,000 ਤੋਂ ਵੱਧ ਸੈਲਾਨੀ ਅਤੇ ਸ਼ਰਧਾਲੂ ਆਉਂਦੇ ਹਨ ਅਤੇ ਇਸ ਦਾ ਪ੍ਰਭਾਵ ਆਲੇ ਦੁਆਲੇ ਦੇ ਵਾਤਾਵਰਣ ਵਿੱਚ ਦੇਖਿਆ ਜਾ ਸਕਦਾ ਹੈ। ਇੰਨੀ ਵੱਡੀ ਗਿਣਤੀ ਵਿਚ ਲੋਕਾਂ ਦੇ ਆਉਣ ਨਾਲ ਪਾਣੀ ਅਤੇ ਭੋਜਨ ਦੇ ਸਰੋਤਾਂ 'ਤੇ ਦਬਾਅ ਪੈਂਦਾ ਹੈ, ਵਾਧੂ ਊਰਜਾ ਵਰਤੀ ਜਾਂਦੀ ਹੈ ਅਤੇ ਵਾਧੂ ਕੂੜਾ-ਕਰਕਟ ਪੈਦਾ ਹੁੰਦਾ ਹੈ। ਇਸ ਸਭ ਦੇ ਮੱਦੇਨਜ਼ਰ, ਵਾਤਾਵਰਣ ਦੇ ਵਿਗਾੜ ਨੂੰ ਰੋਕਣ ਲਈ ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਜੰਗਲਾਂ ਨੂੰ ਲਗਾਉਣ ਲਈ ਉਪਰਾਲੇ ਕਰਨੇ ਜ਼ਰੂਰੀ ਹਨ।

ਪੜ੍ਹੋ ਇਹ ਅਹਿਮ ਖ਼ਬਰ- ਚਿੰਤਾਜਨਕ ਖ਼ਬਰ: 'ਟਾਈਫਾਈਡ' ਹੁਣ ਆਸਾਨੀ ਨਾਲ ਨਹੀਂ ਹੋਵੇਗਾ ਠੀਕ, ਐਂਟੀਬਾਇਓਟਿਕ ਪ੍ਰਤੀ ਰੋਧਕ ਹੋਏ ਬੈਕਟੀਰੀਆ 

ਈਕੋਸਿੱਖ ਇੰਡੀਆ ਦੀ ਪ੍ਰਧਾਨ ਸੁਪ੍ਰੀਤ ਕੌਰ ਨੇ ਕਿਹਾ ਕਿ ਹਾਲ ਹੀ ਦੇ ਸਾਲਾਂ ਵਿੱਚ ਅੰਮ੍ਰਿਤਸਰ ਸ਼ਹਿਰ ਦੀ ਹਰਿਆਲੀ ਬਹੁਤ ਘੱਟ ਗਈ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਦਰੱਖਤ ਕੱਟੇ ਗਏ ਹਨ ਅਤੇ ਉਨ੍ਹਾਂ ਦੀ ਥਾਂ ’ਤੇ ਕੋਈ ਹੋਰ ਦਰੱਖਤ ਨਹੀਂ ਲਾਇਆ ਗਿਆ। ਉਨ੍ਹਾਂ ਨੇ ਅੱਗੇ ਕਿਹਾ ਕਿ ਜੰਗਲਾਂ ਦੀ ਕਾਸ਼ਤ ਸ਼ਹਿਰ ਨੂੰ ਜਲਵਾਯੂ ਪਰਿਵਰਤਨ ਦੇ ਵਿਨਾਸ਼ਕਾਰੀ ਪ੍ਰਭਾਵਾਂ ਨਾਲ ਸਿੱਝਣ ਵਿੱਚ ਮਦਦ ਕਰੇਗੀ। ਪਿਛਲੇ 38 ਮਹੀਨਿਆਂ ਵਿੱਚ ਈਕੋਸਿੱਖ ਨੇ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਯਾਦ ਵਿੱਚ 10 ਲੱਖ ਰੁੱਖ ਲਗਾਉਣ ਦੇ ਆਪਣੇ ਟੀਚੇ ਦੇ ਹਿੱਸੇ ਵਜੋਂ 400 ਤੋਂ ਵੱਧ ਜੰਗਲ ਬਣਾਏ ਹਨ। ਇਸ ਨੇ ਅੰਮ੍ਰਿਤਸਰ ਵਿਚ ਵੀ ਕੁਝ ਜੰਗਲ ਬਣਾਏ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


Vandana

Content Editor

Related News