''ਅਮਰੀਕਾ ਨੇ ਸਾਡੇ ਮਾਰੇ ਹਜ਼ਾਰਾਂ ਲੜਾਕੇ, ਅਸੀਂ ਇਕ ਫੌਜੀ ਮਾਰਿਆ ਤਾਂ ਖਤਮ ਕਰ ਦਿੱਤੀ ਵਾਰਤਾ''

Wednesday, Sep 18, 2019 - 11:06 PM (IST)

''ਅਮਰੀਕਾ ਨੇ ਸਾਡੇ ਮਾਰੇ ਹਜ਼ਾਰਾਂ ਲੜਾਕੇ, ਅਸੀਂ ਇਕ ਫੌਜੀ ਮਾਰਿਆ ਤਾਂ ਖਤਮ ਕਰ ਦਿੱਤੀ ਵਾਰਤਾ''

ਕਾਬੁਲ - ਅਫਗਾਨਿਸਤਾਨ 'ਚ 2 ਅੱਤਵਾਦੀ ਹਮਲਿਆਂ 'ਚ ਵੱਡੀ ਗਿਣਤੀ 'ਚ ਲੋਕਾਂ ਦੇ ਮਾਰੇ ਜਾਣ ਦੇ ਕੁਝ ਘੰਟਿਆਂ ਬਾਅਦ ਹੀ ਤਾਲਿਬਾਨ ਨੇ ਆਖਿਆ ਕਿ ਅਮਰੀਕਾ ਦੇ ਨਾਲ ਗੱਲਬਾਤ ਲਈ ਉਨ੍ਹਾਂ ਦੇ ਦਰਵਾਜ਼ੇ ਖੁਲ੍ਹੇ ਹਨ। ਤਾਲਿਬਾਨ ਦੇ ਬੁਲਾਰੇ ਨੇ ਆਖਿਆ ਕਿ ਅਮਰੀਕਾ ਨੇ ਸਾਡੇ ਹਜ਼ਾਰਾਂ ਲੜਾਕੇ ਮਾਰੇ ਪਰ ਅਸੀਂ ਉਨ੍ਹਾਂ ਦੇ ਇਕ ਫੌਜੀ ਨੂੰ ਮਾਰ ਦਿੱਤਾ ਤਾਂ ਉਸ ਨੇ ਵਾਰਤਾ ਰੱਦ ਕਰ ਦਿੱਤੀ।

ਤਾਲਿਬਾਨ ਦੇ ਬੁਲਾਰੇ ਸ਼ੇਰ ਮੁਹੰਮਦ ਅੱਬਾਸ ਸਤਾਨਿਕਜ਼ਈ ਨੇ ਦੇਸ਼ 'ਚ ਹਾਲ ਹੀ 'ਚ ਹੋਏ ਖੂਨ ਖਰਾਬੇ 'ਚ ਤਾਲਿਬਾਨ ਦੀ ਭੂਮਿਕਾ ਦਾ ਬਚਾਅ ਕੀਤਾ। ਸਤਾਨਿਕਜ਼ਈ ਨੇ ਬੀ. ਬੀ. ਸੀ. ਨਾਲ ਗੱਲਬਾਤ ਦੌਰਾਨ ਆਖਿਆ ਕਿ ਅਮਰੀਕਾ ਦਾ ਕਹਿਣਾ ਹੈ ਕਿ ਤਾਲਿਬਾਨ ਵਿਚਾਲੇ ਵਾਰਤਾ ਦੌਰਾਨ ਉਨ੍ਹਾਂ ਨੇ ਹਜ਼ਾਰਾਂ ਦੀ ਗਿਣਤੀ 'ਚ ਤਾਲਿਬਾਨੀਆਂ ਨੂੰ ਮਾਰਿਆ ਹੈ। ਜੇਕਰ ਇਸ ਤਰ੍ਹਾਂ ਨਾਲ ਵਾਰਤਾ ਦੌਰਾਨ ਤਾਲਿਬਾਨ ਨੇ ਆਪਣੀ ਲੜਾਈ 'ਚ ਇਕ ਹੋਰ ਅਮਰੀਕੀ ਫੌਜੀ ਨੂੰ ਮਾਰ ਦਿੱਤਾ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਦੇਵੇਗਾ ਕਿਉਂਕਿ ਦੋਵੇਂ ਪੱਖਾਂ ਵਿਚਾਲੇ ਕੋਈ ਅਜਿਹੀ ਜੰਗਬੰਦੀ ਨਹੀਂ ਹੋਈ ਹੈ ਜਿਸ ਨਾਲ ਵਾਰਤਾ ਰੱਦ ਕੀਤੀ ਜਾਵੇ।

ਦਰਅਸਲ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਾਲਿਬਾਨ ਦੇ ਨਾਲ 8 ਸਤੰਬਰ ਨੂੰ ਹੋਣ ਵਾਲੀ ਇਕ ਖੁਫੀਆ ਬੈਠਕ, ਕਾਬੁਲ 'ਚ ਹੋਏ ਧਮਾਕੇ 'ਚ ਕਈ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਰੱਦ ਕਰ ਦਿੱਤੀ ਸੀ। ਮਾਰੇ ਗਏ ਲੋਕਾਂ 'ਚ ਇਕ ਹੋਰ ਅਮਰੀਕੀ ਫੌਜੀ ਵੀ ਸ਼ਾਮਲ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਤਾਲਿਬਾਨ ਨੇ ਲਈ ਸੀ। ਤਾਲਿਬਾਨ ਦੇ ਬੁਲਾਰੇ ਨੇ ਆਖਿਆ ਕਿ ਸਾਡੇ ਵੱਲੋਂ ਗੱਲਬਾਤ ਲਈ ਸਾਡੇ ਦਰਵਾਜ਼ੇ ਖੁਲ੍ਹੇ ਹੋਏ ਹਨ। ਜ਼ਿਕਰਯੋਗ ਹੈ ਕਿ ਅਫਗਾਨਿਸਤਾਨ 'ਚ ਚੋਣਾਂ ਤੋਂ ਪਹਿਲਾਂ ਰਾਜਧਾਨੀ ਕਾਬੁਲ ਅਤੇ ਪਰਵਾਨ ਸੂਬੇ 'ਚ ਮੰਗਲਵਾਰ ਨੂੰ ਹੋਏ ਆਤਮਘਾਤੀ ਬੰਬ ਧਮਾਕਿਆਂ 'ਚ 48 ਲੋਕਾਂ ਦੀ ਮੌਤ ਹੋ ਗਈ ਸੀ। ਪਹਿਲਾ ਧਮਾਕਾ ਮੱਧ ਪਰਵਾਨ ਸੂਬੇ 'ਚ ਹੋਇਆ, ਜਿਥੇ ਰਾਸ਼ਟਰਪਤੀ ਅਬਦੁਲ ਗਨੀ ਦੀ ਰੈਲੀ ਸੀ। ਹਮਲਾਵਰ ਮੋਟਰਸਾਈਕਲ 'ਤੇ ਆਏ ਅਤੇ ਰੈਲੀ ਵਾਲੀ ਥਾਂ ਦੇ ਨੇੜੇ ਪੁਲਸ ਚੌਂਕੀ 'ਚ ਬੰਬ ਲਾ ਕੇ ਧਮਾਕਾ ਕਰ ਦਿੱਤਾ। ਇਸ ਧਮਾਕੇ 'ਚ 26 ਲੋਕਾਂ ਦੀ ਮੌਤ ਹੋ ਗਈ ਅਤੇ 42 ਲੋਕ ਜ਼ਖਮੀ ਹੋ ਗਏ ਸਨ।


author

Khushdeep Jassi

Content Editor

Related News