ਅਮਰੀਕਾ : ਭਾਰਤੀ ਮੂਲ ਦੇ ਜੋੜੇ ਤੇ ਧੀ ਦੀ ਮੌਤ ਦੇ ਮਾਮਲੇ 'ਚ ਹੋਇਆ ਅਹਿਮ ਖੁਲਾਸਾ

01/03/2024 10:34:54 AM

ਨਿਊਯਾਰਕ (ਪੋਸਟ ਬਿਊਰੋ)- ਅਮਰੀਕਾ ਦੇ ਮੈਸੇਚਿਉਸੇਟਸ ਸੂਬੇ ਵਿੱਚ ਪਿਛਲੇ ਹਫ਼ਤੇ ਭਾਰਤੀ ਮੂਲ ਦੇ ਇੱਕ ਅਮੀਰ ਜੋੜੇ ਅਤੇ ਉਨ੍ਹਾਂ ਦੀ ਧੀ ਦੀ ਮੌਤ ਨੂੰ ਮੈਡੀਕਲ ਅਧਿਕਾਰੀਆਂ ਨੇ ਪੋਸਟਮਾਰਟਮ ਤੋਂ ਬਾਅਦ ਕਤਲ-ਆਤਮ ਹੱਤਿਆ ਕਰਾਰ ਦਿੱਤਾ ਹੈ। 28 ਦਸੰਬਰ, 2023 ਨੂੰ ਰਾਕੇਸ਼ ਕਮਲ (57), ਉਸਦੀ ਪਤਨੀ ਟੀਨਾ ਕਮਲ (54) ਅਤੇ ਉਹਨਾਂ ਦੀ ਕਾਲਜ 'ਚ ਪੜ੍ਹਨ ਵਾਲੀ ਧੀ ਅਰਿਆਨਾ ਕਮਲ (18) ਡੋਵਰ, ਮੈਸੇਚਿਉਸੇਟਸ ਵਿੱਚ ਆਪਣੀ 5 ਮਿਲੀਅਨ ਡਾਲਰ ਦੀ ਹਵੇਲੀ ਵਿੱਚ ਮ੍ਰਿਤਕ ਪਾਏ ਗਏ ਸਨ।

ਰਾਕੇਸ਼ ਕਮਲ ਦੇ ਕੋਲ ਇੱਕ ਹਥਿਆਰ ਬਰਾਮਦ ਹੋਇਆ ਹੈ। ਮੰਗਲਵਾਰ ਨੂੰ ਨੌਰਫੋਕ ਡਿਸਟ੍ਰਿਕਟ ਅਟਾਰਨੀ ਮਾਈਕਲ ਮੌਰੀਸੀ ਦੇ ਦਫਤਰ ਦੁਆਰਾ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਕਿ ਚੀਫ ਮੈਡੀਕਲ ਐਗਜ਼ਾਮੀਨਰ ਦੇ ਦਫਤਰ ਦੁਆਰਾ ਜਾਰੀ ਕੀਤੇ ਪੋਸਟਮਾਰਟਮ ਦੇ ਨਤੀਜੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਟੀਨਾ ਅਤੇ ਉਸਦੀ ਧੀ ਅਰਿਆਨਾ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ ਸੀ। ਰਾਕੇਸ਼ ਦੀ ਮੌਤ ਖ਼ੁਦ ਨੂੰ ਮਾਰੀ ਹੋਈ ਗੋਲੀ ਦੇ ਜ਼ਖ਼ਮ ਕਾਰਨ ਹੋਈ। ਅੰਤਿਮ ਪੋਸਟਮਾਰਟਮ ਰਿਪੋਰਟ ਆਉਣ ਵਾਲੇ ਹਫ਼ਤਿਆਂ ਵਿੱਚ ਪੂਰੀ ਹੋਣ ਦੀ ਸੰਭਾਵਨਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਵਿਦਿਆਰਥੀਆਂ ਦਾ ਕੈਨੇਡਾ ਤੋਂ ਹੋ ਰਿਹੈ ਮੋਹ ਭੰਗ, ਅੰਕੜੇ ਹੋਏ ਜਾਰੀ

ਰੀਲੀਜ਼ ਵਿੱਚ ਅੱਗੇ ਕਿਹਾ ਗਿਆ ਕਿ ਹਾਲਾਂਕਿ ਬੰਦੂਕ ਦੀ ਪੂਰੀ ਫੋਰੈਂਸਿਕ ਅਤੇ ਬੈਲਿਸਟਿਕ ਜਾਂਚ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ ਹੈ, ਰਾਕੇਸ਼ ਕੋਲ ਮਿਲਿਆ ਹਥਿਆਰ .40 ਕੈਲੀਬਰ ਗਲੋਕ 22 ਨਾਲ ਮੇਲ ਖਾਂਦਾ ਹੈ। ਹਾਲਾਂਕਿ ਅਸਲਾ ਰਾਕੇਸ਼ ਦੇ ਨਾਮ 'ਤੇ ਰਜਿਸਟਰਡ ਨਹੀਂ ਸੀ ਅਤੇ "ਉਸ ਕੋਲ ਇਸ ਨੂੰ ਰੱਖਣ ਦਾ ਲਾਇਸੈਂਸ ਨਹੀਂ ਸੀ"। ਮੈਸੇਚਿਉਸੇਟਸ ਰਾਜ ਪੁਲਸ ਨੇ ਹਥਿਆਰ ਦੇ ਮੂਲ ਦਾ ਪਤਾ ਲਗਾਉਣ ਵਿੱਚ ਸਹਾਇਤਾ ਲਈ ਅਲਕੋਹਲ, ਤੰਬਾਕੂ, ਹਥਿਆਰ ਤੇ ਵਿਸਫੋਟਕ ਬਿਊਰੋ ਨਾਲ ਸੰਪਰਕ ਕੀਤਾ ਹੈ। ਡੋਵਰ ਅਤੇ ਮੈਸੇਚਿਉਸੇਟਸ ਰਾਜ ਪੁਲਸ ਦੁਆਰਾ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਪਿਛਲੇ ਹਫ਼ਤੇ ਮੌਰੀਸੀ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਹ ਘਟਨਾ ਘਰੇਲੂ ਹਿੰਸਾ ਦਾ ਮਾਮਲਾ ਸੀ ਅਤੇ ਸ਼ੁਰੂਆਤੀ ਤੌਰ 'ਤੇ ਬਾਹਰੀ ਪਾਰਟੀਆਂ ਦੀ ਸ਼ਮੂਲੀਅਤ ਦਾ ਸੰਕੇਤ ਨਹੀਂ ਦਿੱਤਾ ਗਿਆ ਸੀ। ਡੋਵਰ ਪੁਲਸ ਨੂੰ ਲਗਭਗ ਸ਼ਾਮ 7:24 ਵਜੇ ਕਮਲ ਨਿਵਾਸ 'ਤੇ ਜਵਾਬ ਦੀ ਬੇਨਤੀ ਕਰਨ ਲਈ 911 ਕਾਲ ਮਿਲੀ। ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਕਮਲ ਪਰਿਵਾਰ ਨੂੰ ਮ੍ਰਿਤਕ ਪਾਇਆ। ਮੋਰੀਸੀ ਨੇ ਕਿਹਾ ਕਿ ਘਰ ਨਾਲ ਜੁੜੀ ਕੋਈ ਵੀ ਪਹਿਲਾਂ ਪੁਲਸ ਰਿਪੋਰਟ ਜਾਂ ਘਰੇਲੂ ਘਟਨਾਵਾਂ ਨਹੀਂ ਸਨ। ਦ ਨਿਊਯਾਰਕ ਪੋਸਟ ਦੀ ਇੱਕ ਰਿਪੋਰਟ ਅਨੁਸਾਰ ਪਰਿਵਾਰ ਦੀ ਵਿਸ਼ਾਲ ਹਵੇਲੀ, ਜਿਸਦੀ ਕੀਮਤ 5.45 ਮਿਲੀਅਨ ਅਮਰੀਕੀ ਡਾਲਰ ਹੈ, ਇੱਕ ਸਾਲ ਪਹਿਲਾਂ ਫੋਲੋਜ਼ਰ ਵਿੱਚ ਚਲੀ ਗਈ ਸੀ ਅਤੇ 3 ਮਿਲੀਅਨ ਡਾਲਰ ਵਿੱਚ ਵੇਚੀ ਗਈ ਸੀ। ਡੀ.ਏ ਨੇ ਕਿਹਾ ਕਿ ਉਸ ਸਮੇਂ ਹਵੇਲੀ ਵਿੱਚ ਮਾਰੇ ਗਏ ਪਰਿਵਾਰ ਦੇ ਮੈਂਬਰ ਹੀ ਰਹਿ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਇਹ ਇਲਾਕਾ, ਰਾਜ ਦੇ ਸਭ ਤੋਂ ਅਮੀਰਾਂ ਵਿੱਚੋਂ ਇੱਕ ਸੀ ਅਤੇ ਇੱਕ ਸੁਰੱਖਿਅਤ ਭਾਈਚਾਰਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News