ਅਮਰੀਕਾ 'ਚ 2 ਲੱਖ ਤੋਂ ਵੱਧ ਭਾਰਤੀ ਪਰਿਵਾਰ ਪ੍ਰਾਯੋਜਿਤ ਗ੍ਰੀਨ ਕਾਰਡ ਦੇ ਇੰਤਜ਼ਾਰ 'ਚ

Thursday, Nov 28, 2019 - 11:06 AM (IST)

ਅਮਰੀਕਾ 'ਚ 2 ਲੱਖ ਤੋਂ ਵੱਧ ਭਾਰਤੀ ਪਰਿਵਾਰ ਪ੍ਰਾਯੋਜਿਤ ਗ੍ਰੀਨ ਕਾਰਡ ਦੇ ਇੰਤਜ਼ਾਰ 'ਚ

ਵਾਸ਼ਿੰਗਟਨ (ਬਿਊਰੋ): ਟਰੰਪ ਪ੍ਰਸ਼ਾਸਨ ਦੇ ਸਖਤ ਨਿਯਮਾਂ ਦੇ ਬਾਵਜੂਦ ਅਮਰੀਕਾ ਵਿਚ ਨਾਗਰਿਕਤਾ ਨੂੰ ਲੈ ਕੇ ਮੈਕਸੀਕੋ, ਭਾਰਤ ਅਤੇ ਚੀਨ ਦੇ ਲੋਕਾਂ ਵਿਚ ਗ੍ਰੀਨ ਕਾਰਡ ਪਾਉਣ ਦੀ ਦੌੜ ਹੈ। ਤਾਜ਼ਾ ਅੰਕੜਿਆਂ ਦੇ ਮੁਤਾਬਕ ਪਰਿਵਾਰ ਵੱਲੋਂ ਪਾਯੋਜਿਤ (family sponsored) ਗ੍ਰੀਨ ਕਾਰਡ ਦੀ ਵੇਟਿੰਗ ਲਿਸਟ 40 ਲੱਖ ਪਾਰ ਕਰ ਗਈ ਹੈ। ਗ੍ਰੀਨ ਕਾਰਡ ਦੀ ਵੇਟਿੰਗ ਵਿਚ ਸਭ ਤੋਂ ਜ਼ਿਆਦਾ ਮੈਕਸੀਕੋ ਦੇ 15 ਲੱਖ ਨਾਗਰਿਕ ਹਨ। ਦੂਜੇ ਨੰਬਰ 'ਤੇ ਭਾਰਤ ਦੇ 2 ਲੱਖ 27 ਹਜ਼ਾਰ ਨਾਗਰਿਕ ਪਰਿਵਾਰ ਪ੍ਰਾਯੋਜਿਤ ਗ੍ਰੀਨ ਕਾਰਡ ਦੇ ਇੰਤਜ਼ਾਰ ਵਿਚ ਹਨ। ਤੀਜੇ ਨੰਬਰ 'ਤੇ ਚੀਨ ਹੈ ਜਿੱਥੋਂ ਦੇ 1 ਲੱਖ 80 ਹਜ਼ਾਰ ਲੋਕ ਗ੍ਰੀਨ ਕਾਰਡ ਲਈ ਲਾਈਨ ਵਿਚ ਹਨ।

ਗ੍ਰੀਨ ਕਾਰਡ ਧਾਰਕਾਂ ਨੂੰ ਅਮਰੀਕਾ ਵਿਚ ਵੈਧ ਸਥਾਈ ਵਸਨੀਕ ਦਾ ਦਰਜਾ ਮਿਲ ਜਾਂਦਾ ਹੈ। ਇਸ ਦੇ ਜ਼ਰੀਏ ਕੋਈ ਵੀ ਵਿਅਕਤੀ ਵੈਧ ਤੌਰ 'ਤੇ ਅਮਰੀਕਾ ਵਿਚ ਰਹਿੰਦਾ ਹੋਇਆ ਕੰਮ ਕਰ ਸਕਦਾ ਹੈ। ਇਹ ਨਾਗਰਿਕਤਾ ਪਾਉਣ ਦਾ ਪਹਿਲਾ ਕਦਮ ਹੈ। ਅੰਕੜਿਆਂ ਮੁਤਾਬਕ ਅਮਰੀਕਾ ਹਰੇਕ ਸਾਲ 2 ਲੱਖ 26 ਹਜ਼ਾਰ ਪਰਿਵਾਰ ਪ੍ਰਾਯੋਜਿਤ ਗ੍ਰੀਨ ਕਾਰਡ ਜਾਰੀ ਕਰਦਾ ਹੈ। ਇਹ ਗ੍ਰੀਨ ਕਾਰਡ ਉਨ੍ਹਾਂ ਲੋਕਾਂ ਨੂੰ ਦਿੱਤੇ ਜਾਂਦੇ ਹਨ ਜਿਨ੍ਹਾਂ ਦੇ ਪਰਿਵਾਰਾਂ ਨੂੰ ਅਮਰੀਕਾ ਦੀ ਨਾਗਰਿਕਤਾ ਮਿਲ ਚੁੱਕੀ ਹੈ। ਨਿਯਮਾਂ ਦੇ ਤਹਿਤ ਅਮਰੀਕੀ ਨਾਗਰਿਕ ਦੂਜੇ ਦੇਸ਼ ਵਿਚ ਰਹਿ ਰਹੇ ਆਪਣੇ ਕਰੀਬੀ ਨੂੰ ਗ੍ਰੀਨ ਕਾਰਡ ਲਈ ਨਾਮਜ਼ਦ ਕਰ ਸਕਦੇ ਹਨ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਰਿਵਾਰ ਪ੍ਰਾਯੋਜਿਤ ਗ੍ਰੀਨ ਕਾਰਡ ਦੇ ਵਿਰੁੱਧ ਰਹੇ ਹਨ। ਟਰੰਪ ਨੇ ਇਸ ਨੂੰ ਚੇਨ ਇਮੀਗ੍ਰੇਸ਼ਨ ਕਿਹਾ ਹੈ। ਭਾਵੇਂਕਿ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਇਸ ਸਿਸਟਮ ਨੂੰ ਜ਼ਰੂਰੀ ਮੰਨਦੀ ਹੈ। ਜਾਣਕਾਰੀ ਮੁਤਾਬਕ ਅਮਰੀਕਾ ਹਰੇਕ ਸਾਲ ਕਰੀਬ 11 ਲੱਖ ਪ੍ਰਵਾਸੀਆਂ ਨੂੰ ਗ੍ਰੀਨ ਕਾਰਡ ਦਿੰਦਾ ਹੈ। ਗ੍ਰੀਨ ਕਾਰਡ ਪਾਉਣ ਵਾਲਿਆਂ ਨੂੰ ਅਮਰੀਕਾ ਵਿਚ ਸਥਾਈ ਰੂਪ ਵਿਚ ਕੰਮ ਕਰਨ ਅਤੇ ਰਹਿਣ ਦੀ ਇਜਾਜ਼ਤ ਹੁੰਦੀ ਹੈ। ਮੌਜੂਦਾ ਸਮੇਂ ਵਿਚ 66 ਫੀਸਦੀ ਗ੍ਰੀਨ ਕਾਰਡ ਪਰਿਵਾਰ ਨਾਲ ਸੰਬੰਧ ਦੇ ਆਧਾਰ 'ਤੇ ਦਿੱਤਾ ਜਾਂਦਾ ਹੈ। ਸਿਰਫ 12 ਫੀਸਦੀ ਲੋਕਾਂ ਨੂੰ ਹੀ ਯੋਗਤਾ ਦੇ ਆਧਾਰ 'ਤੇ ਇਹ ਕਾਰਡ ਦੇਣ ਦੀ ਇਜਾਜ਼ਤ ਰਹੀ ਸੀ। ਟਰੰਪ ਪ੍ਰਸ਼ਾਸਨ ਇਸ ਵਿਚ ਤਬਦੀਲੀ ਕਰਨਾ ਚਾਹੁੰਦਾ ਹੈ। ਅਮਰੀਕਾ ਸਰਕਾਰ ਦਾ ਕਹਿਣਾ ਹੈ ਕਿ ਸਰਕਾਰ ਯੋਗਤਾ ਦੇ ਆਧਾਰ 'ਤੇ ਦਿੱਤੇ ਜਾਣ ਵਾਲੇ ਵੀਜ਼ਾ ਕੋਟਾ ਨੂੰ 12 ਫੀਸਦੀ ਤੋਂ ਵਧਾ ਕੇ 57 ਫੀਸਦੀ ਕਰਨ ਦੇ ਪੱਖ ਵਿਚ ਹੈ।


author

Vandana

Content Editor

Related News