ਜਲਦ ਹੀ ‘ਕੌਮੀ ਐਮਰਜੈਂਸੀ’ ਦਾ ਐਲਾਨ ਕਰ ਸਕਦੇ ਹਨ ਟਰੰਪ

01/11/2019 11:50:29 AM

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇਸ਼ ਵਿਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਲਈ ਅਮਰੀਕਾ-ਮੈਕਸੀਕੋ ਦੀ ਸੀਮਾ 'ਤੇ ਕੰਧ ਬਣਵਾਉਣਾ ਚਾਹੁੰਦੇ ਹਨ। ਇਸ ਲਈ ਟਰੰਪ ਜਲਦੀ ਕੌਮੀ ਐਮਰਜੈਂਸੀ ਲਾਗੂ ਕਰ ਸਕਦੇ ਹਨ। ਆਪਣੀ ਵਿਵਾਦਮਈ ਅਮਰੀਕਾ-ਮੈਕਸੀਕੋ ਸੀਮਾ ਕੰਧ ਯੋਜਨਾ ਲਈ ਸਮਰਥਨ ਜੁਟਾਉਣ ਦੇ ਉਦੇਸ਼ ਨਾਲ ਟਰੰਪ ਨੇ ਵੀਰਵਾਰ ਨੂੰ ਟੈਕਸਾਸ ਦਾ ਦੌਰਾ ਕੀਤਾ। ਇਸ ਦੌਰਾਨ ਟਰੰਪ ਤੋਂ ਪੁੱਛਿਆ ਗਿਆ ਕੀ ਉਹ ਐਮਰਜੈਂਸੀ ਲਾਗੂ ਕਰਨ ਵਾਲੇ ਹਨ। ਉਨ੍ਹਾਂ ਨੇ ਇਸ ਦੇ ਜਵਾਬ ਵਿਚ ਕਿਹਾ,''ਅਸੀਂ ਇਸ ਦੇ ਨੇੜੇ ਹਾਂ। ਮੈਨੂੰ ਲੱਗਦਾ ਹੈ ਕਿ ਅਸੀਂ ਅਜਿਹਾ ਜਲਦੀ ਕਰ ਸਕਦੇ ਹਾਂ। ਕਿਉਂਕਿ ਇਹ ਸਧਾਰਨ ਸਮਝ ਦੀ ਗੱਲ ਹੈ ਅਤੇ ਇਹ ਖਰਚੀਲਾ ਵੀ ਨਹੀਂ ਹੈ।'' 

ਟਰੰਪ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਕੌਮੀ ਐਮਰਜੈਂਸੀ ਲਾਗੂ ਕਰਨਾ ਆਖਰੀ ਵਿਕਲਪ ਹੈ। ਉਨ੍ਹਾਂ ਨੇ ਧਮਕੀ ਦਿੱਤੀ ਸੀ ਕਿ ਜੇ ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਕੰਧ ਬਣਾਉਣ ਲਈ 5.7 ਅਰਬ ਡਾਲਰ ਦੀ ਰਾਸ਼ੀ ਨਿਰਧਾਰਤ ਨਹੀਂ ਕਰਦੇ ਹਨ ਤਾਂ ਉਹ ਐਮਰਜੈਂਸੀ ਲਾਗੂ ਕਰ ਦੇਣਗੇ। ਟਰੰਪ ਬੁੱਧਵਾਰ ਨੂੰ ਡੈਮੋਕ੍ਰੈਟਿਕ ਨੇਤਾਵਾਂ-ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਅਤੇ ਸੈਨੇਟ ਵਿਚ ਘੱਟ ਗਿਣਤੀ ਦੇ ਨੇਤਾ ਚੱਕ ਸ਼ੁਮਰ ਦੇ ਨਾਲ ਇਸ ਮਾਮਲੇ ਵਿਚ ਹੋਈ ਬੈਠਕ ਅੱਧ ਵਿਚਾਲੇ ਛੱਡ ਕੇ ਹੀ ਆ ਗਏ ਸਨ, ਜਿਸ ਮਗਰੋਂ ਹੁਣ ਐਮਰਜੈਂਸੀ ਲਾਗੂ ਕਰਨ ਵੱਲ ਉਨ੍ਹਾਂ ਦਾ ਝੁਕਾਅ ਹੋਰ ਵੱਧ ਗਿਆ ਹੈ। 

ਟਰੰਪ ਨੇ ਵੀਰਵਾਰ ਨੂੰ ਟੈਕਸਾਸ ਵਿਚ ਪੱਤਰਕਾਰਾਂ ਨੂੰ ਕਿਹਾ,''ਮੈਂ ਵੱਡੇ ਪੱਧਰ 'ਤੇ ਇਮੀਗ੍ਰੇਸ਼ਨ ਸੁਧਾਰ ਕਰਨਾ ਚਾਹੁੰਦਾ ਹਾਂ। ਇਸ ਵਿਚ ਸਮਾਂ ਲੱਗੇਗਾ। ਇਹ ਮੁਸ਼ਕਲ ਕੰਮ ਹੈ। ਇਹ 30-35 ਸਾਲ ਤੋਂ ਚੱਲ ਰਿਹਾ ਹੈ ਪਰ ਇਮੀਗ੍ਰੇਸ਼ਨ ਸੁਧਾਰ ਤੋਂ ਪਹਿਲਾਂ ਸਾਨੂੰ ਢੁੱਕਵੀਂ ਨੀਤੀ ਬਣਾਉਣੀ ਹੋਵੇਗੀ। ਅਸੀਂ ਅਜਿਹਾ ਜਲਦੀ ਕਰ ਸਕਦੇ ਹਾਂ। ਅਸੀਂ ਕੌਮੀ ਐਮਰਜੈਂਸੀ ਲਾਗੂ ਕਰ ਸਕਦੇ ਹਾਂ।''


Vandana

Content Editor

Related News