ਆ ਰਿਹੈ ਸਭ ਤੋਂ ਖਤਰਨਾਕ ਵਾਇਰਸ, 36 ਘੰਟੇ 'ਚ ਮਰ ਸਕਦੈ 8 ਕਰੋੜ ਲੋਕ

09/19/2019 12:00:40 PM

ਵਾਸ਼ਿੰਗਟਨ (ਬਿਊਰੋ)— ਸਿਹਤ ਮਾਹਰਾਂ ਨੇ ਪੂਰੀ ਦੁਨੀਆ ਲਈ ਵੱਡੀ ਚਿਤਾਵਨੀ ਜਾਰੀ ਕੀਤੀ ਹੈ। ਮਾਹਰਾਂ ਮੁਤਾਬਕ ਦੁਨੀਆ ਸਾਹਮਣੇ ਜਲਦੀ ਇਕ ਬਹੁਤ ਵੱਡੀ ਚੁਣੌਤੀ ਆਉਣ ਵਾਲੀ ਹੈ। ਇਹ ਚੁਣੌਤੀ ਹਵਾ ਵਿਚ ਫੈਲਣ ਵਾਲਾ ਇਕ ਖਤਰਨਾਕ ਵਾਇਰਸ ਹੋਵੇਗਾ। ਇਹ ਵਾਇਰਸ ਦਸਤਕ ਦੇਣ ਦੇ 36 ਘੰਟੇ ਦੇ ਅੰਦਰ ਪੂਰੀ ਦੁਨੀਆ ਵਿਚ ਫੈਲ ਜਾਵੇਗਾ। ਇਸ ਕਾਰਨ ਪੂਰੀ ਦੁਨੀਆ ਵਿਚ 8 ਕਰੋੜ ਲੋਕਾਂ ਦੀ ਮੌਤ ਹੋ ਸਕਦੀ ਹੈ। ਵਿਸ਼ਵ ਸਿਹਤ ਸੰਗਠਨ ਦੇ ਸਾਬਕਾ ਪ੍ਰਮੁੱਖ ਡਾਕਟਰ ਗ੍ਰੋ ਹਾਰਲੋਮ ਬਰੁਨਡਲੈਂਡ ਨੇ ਇਹ ਚਿਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਨੇ ਇਸ ਨੂੰ ਹੁਣ ਤੱਕ ਦਾ ਸਭ ਤੋਂ ਖਤਰਨਾਕ ਵਾਇਰਸ (flu) ਦੱਸਿਆ ਹੈ। 

ਵਿਸ਼ਵ ਸਿਹਤ ਸੰਗਠਨ ਦੇ ਸਾਬਕਾ ਚੀਫ ਦੀ ਅਗਵਾਈ ਵਾਲੀ 'ਦੀ ਗਲੋਬਲ ਪ੍ਰੀਪੇਅਰਡਨੈੱਸ ਮੌਨੀਟਰਿੰਗ ਬੋਰਡ' (The Global Preparedness Monitoring Board, GPMB) ਦੇ ਸਿਹਤ ਮਾਹਰਾਂ ਦੀ ਟੀਮ ਨੇ ਆਪਣੀ ਇਸ ਰਿਪੋਰਟ ਨੂੰ ਸਾਰੇ ਦੇਸ਼ਾਂ ਦੇ ਨੇਤਾਵਾਂ ਨੂੰ ਬਚਾਅ ਲਈ ਲੋੜੀਂਦੇ ਕਦਮ ਚੁੱਕਣ ਲਈ ਭੇਜ ਦਿੱਤਾ ਹੈ। ਬੋਰਡ ਵੱਲੋਂ ਬੁੱਧਵਾਰ ਨੂੰ ਜਾਰੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੂਰੀ ਦੁਨੀਆ ਵਿਚ ਫੈਲਣ ਵਾਲੀ ਇਸ ਮਹਾਮਾਰੀ ਦੀ ਚਿਤਾਵਨੀ ਅਸਲੀ ਹੈ। ਮਾਹਰਾਂ ਮੁਤਾਬਕ ਇਸ ਵਾਇਰਸ ਨਾਲ ਕਈ ਦੇਸ਼ਾਂ ਦੀ ਅਰਥਵਿਵਸਥਾ ਵਿਗੜਨ ਅਤੇ ਰਾਸ਼ਟਰੀ ਸੁਰੱਖਿਆ ਦੇ ਅਸਥਿਰ ਹੋਣ ਦਾ ਖਤਰਾ ਹੈ। ਮਾਹਰਾਂ ਨੇ ਆਪਣੀ ਇਸ ਰਿਪੋਰਟ ਨੂੰ 'A World at Risk' ਦਾ ਨਾਮ ਦਿੱਤਾ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਇਹ ਵਾਇਰਲ ਇਬੋਲਾ ਵਾਂਗ ਹੀ ਖਤਰਨਾਕ ਸਾਬਤ ਹੋ ਸਕਦਾ ਹੈ। 

PunjabKesari

ਮਾਹਰਾਂ ਮੁਤਾਬਕ ਕਰੀਬ ਇਕ ਦਹਾਕੇ ਪਹਿਲਾਂ 1918 ਵਿਚ ਸਪੇਨਿਸ਼ ਫਲੂ ਮਹਾਮਾਰੀ ਨੇ ਦੁਨੀਆ ਦੀ ਆਬਾਦੀ ਦੇ ਇਕ-ਤਿਹਾਈ ਹਿੱਸੇ ਨੂੰ ਇਨਫੈਕਟਿਡ ਕਰ ਦਿੱਤਾ ਸੀ। ਇਸ ਵਾਇਰਸ ਕਾਰਨ 5 ਕਰੋੜ ਲੋਕਾਂ ਦੀ ਮੌਤ ਹੋਈ ਸੀ। ਹੁਣ ਜਿਹੜਾ ਵਾਇਰਸ ਦਸਤਕ ਦੇਣ ਵਾਲਾ ਹੈ ਉਹ ਸਪੇਨਿਸ਼ ਫਲੂ ਨਾਲੋਂ ਕਿਤੇ ਜ਼ਿਆਦਾ ਖਤਰਨਾਕ ਹੈ। ਮਾਹਰਾਂ ਮੁਤਾਬਕ ਇਹ ਵਾਇਰਸ ਇਸ ਲਈ ਵੀ ਜ਼ਿਆਦਾ ਖਤਰਨਾਕ ਹੋਵੇਗਾ ਕਿਉਂਕਿ ਅੱਜ ਦੇ ਸਮੇਂ ਵਿਚ ਲੋਕ ਪਹਿਲਾਂ ਨਾਲੋਂ ਇਕ ਦੇਸ਼ ਤੋਂ ਦੂਜੇ ਦੇਸ਼ ਦੀ ਯਾਤਰਾ ਕਰ ਰਹੇ ਹਨ। ਇਸ ਲਿਹਾਜ ਨਾਲ ਆਉਣ ਵਾਲਾ ਵਾਇਰਸ ਪਹਿਲਾਂ ਨਾਲੋਂ ਖਤਰਨਾਕ ਹੋਵੇਗਾ ਅਤੇ ਸਿਰਫ 36 ਘੰਟੇ ਵਿਚ ਪੂਰੀ ਦੁਨੀਆ ਵਿਚ ਫੈਲ ਜਾਵੇਗਾ।

ਇੱਥੇ ਦੱਸ ਦਈਏ ਕਿ ਖਤਰਨਾਕ ਵਾਇਰਸ ਦਾ ਐਲਰਟ ਜਾਰੀ ਕਰਨ ਵਾਲੀ ਸੰਸਥਾ GPMB ਦੀ ਅਗਵਾਈ ਨਾਰਵੇ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਡਾਕਟਰ ਗ੍ਰੋ ਹਾਰਲੇਮ ਬਰੁਨਡਲੈਂਡ ਅਤੇ ਇੰਟਰਨੈਸ਼ਨਲ ਫੈਡਰੇਸ਼ਨ ਆਫ ਰੈੱਡ ਕਰਾਸ ਅਤੇ ਰੈੱਡ ਕ੍ਰੀਸੈਂਟ ਸੋਸਾਇਟੀਜ਼ ਦੇ ਜਨਰਲ ਸਕੱਤਰ ਅਲਹਦਜ ਅਸ ਸਾਏ ਕਰ ਰਹੇ ਹਨ। ਸੰਸਥਾ ਵੱਲੋਂ ਜਾਰੀ ਰਿਪੋਰਟ ਵਿਚ ਕਿਹਾ ਗਿਆ ਹੈਕਿ ਉਨ੍ਹਾਂ ਵੱਲੋ ਪਹਿਲਾਂ ਜਾਰੀ ਕੀਤੀ ਗਈ ਖਤਰਨਾਕ ਵਾਇਰਸ ਦੀ ਰਿਪੋਰਟ ਨੂੰ ਗਲੋਬਲ ਨੇਤਾਵਾਂ ਨੇ ਪੂਰੀ ਤਰ੍ਹਾਂ ਅਣਡਿੱਠਾ ਕਰ ਦਿੱਤਾ ਸੀ। ਵਿਸ਼ਵ ਸਿਹਤ ਸੰਗਠਨ ਨੇ ਵੀ ਇਸ ਰਿਪੋਰਟ 'ਤੇ ਮੋਹਰ ਲਗਾ ਦਿੱਤੀ ਹੈ।

PunjabKesari

ਸੰਸਥਾ ਨੇ ਖਤਰਨਾਕ ਵਾਇਰਸ ਦੀ ਰਿਪੋਰਟ ਨਾਲ ਉਸ ਦੇ ਸ਼ਿਕਾਰ ਹੋਣ ਵਾਲੇ ਸੰਭਾਵਿਤ ਦੇਸ਼ਾਂ ਦੇ ਬਾਰੇ ਵਿਚ ਵੀ ਇਕ ਨਕਸ਼ੇ ਜ਼ਰੀਏ ਦੱਸਿਆ ਹੈ। ਇਸ ਨਕਸ਼ੇ ਨੂੰ ਨਵੇਂ ਉਭਰਦੇ ਵਾਇਰਸ ਦੇ ਖਤਰੇ ਦੇ ਵਰਗ ਵਿਚ ਵੰਡਿਆ ਗਿਆ ਹੈ। ਜ਼ਿਕਰਯੋਗ ਹੈ ਕਿ ਦੁਨੀਆ ਵਿਚ ਇਸ ਤੋਂ ਪਹਿਲਾਂ ਖਤਰਨਾਕ ਵਾਇਰਸ ਇਬੋਲਾ, ਜ਼ੀਕਾ ਅਤੇ ਨਿਪਾ ਜਿਵੇਂ ਪੰਜ ਵਾਇਰਸ ਹਮਲਾ ਕਰ ਚੁੱਕੇ ਹਨ। ਇਨ੍ਹਾਂ ਦੇ ਇਲਾਵਾ ਵੇਸਟ ਨੀਲ ਵਾਇਰਸ, ਐਂਟੀਬਾਇਓਟਿਕ ਪ੍ਰਤੀਰੋਧ, ਖਸਰਾ, ਤੇਜ਼ ਫਲੇਸੀਡ ਮਾਇਲਾਇਟਿਸ, ਪੀਲਾ ਬੁਖਾਰ, ਡੇਂਗੂ, ਪਲੇਗ ਅਤੇ ਹਿਊਮਨ ਮੰਕੀਪਾਕਸ ਵੀ ਦੁਨੀਆ ਦੇ ਕੁਝ ਖਤਰਨਾਕ ਵਾਇਰਸ ਵਿਚ ਸ਼ਾਮਲ ਹਨ।

ਜੀ.ਪੀ.ਐੱਮ.ਬੀ. ਦੀ ਰਿਪੋਰਟ ਵਿਚ ਇਹ ਚਿਤਾਵਨੀ ਦਿੱਤੀ ਗਈ ਹੈ ਕਿ ਹੁਣ ਤੱਕ ਦਾ ਸਭ ਤੋਂ ਖਤਰਨਾਕ ਵਾਇਰਸ ਪੂਰੀ ਦੁਨੀਆ ਵਿਚ 5 ਤੋਂ 8 ਕਰੋੜ ਲੋਕਾਂ ਦੀ ਜਾਨ ਲੈ ਸਕਦਾ ਹੈ। ਇਹ ਵਾਇਰਸ ਸਾਹ ਜ਼ਰੀਏ ਹਵਾ ਵਿਚ ਤੇਜ਼ੀ ਨਾਲ ਫੈਲੇਗਾ ਅਤੇ ਮਹਾਮਾਰੀ ਦਾ ਰੂਪ ਲੈ ਲਵੇਗਾ। ਇਸ ਕਾਰਨ ਦੁਨੀਆ ਦੀ 5 ਫੀਸਦੀ ਅਰਥਵਿਵਸਥਾ ਪ੍ਰਭਾਵਿਤ ਹੋ ਸਕਦੀ ਹੈ। ਦੁਨੀਆ ਇਸ ਖਤਰੇ ਲਈ ਬਿਲਕੁੱਲ ਤਿਆਰ ਨਹੀਂ ਹੈ।


Vandana

Content Editor

Related News