ਅਮਰੀਕਾ ਨੇ ਰੂਸ ਤੋਂ ਖਰੀਦੇ 3 ਕਰੋੜ 80 ਲੱਖ ਦੇ ਅੰਡੇ

Saturday, Sep 06, 2025 - 11:29 PM (IST)

ਅਮਰੀਕਾ ਨੇ ਰੂਸ ਤੋਂ ਖਰੀਦੇ 3 ਕਰੋੜ 80 ਲੱਖ ਦੇ ਅੰਡੇ

ਵਾਸ਼ਿੰਗਟਨ – ਰੂਸ ਦੀ ਅਰਥਵਿਵਸਥਾ ਨੂੰ ਅਪਾਹਜ ਬਣਾਉਣ ਦੀ ਕੋਸ਼ਿਸ਼ ਵਿਚ ਲੱਗਾ ਅਮਰੀਕਾ ਹੁਣ ਖੁਦ ਹੀ ਉਸ ਦੇ ਨਾਲ ਵਪਾਰ ਕਰਨ ਲਈ ਮਜਬੂਰ ਹੈ। ਅਸਲ ’ਚ ਅਮਰੀਕਾ ਨੇ ਇਸੇ ਸਾਲ ਜੁਲਾਈ ਵਿਚ ਰੂਸ ਤੋਂ ਪਹਿਲੀ ਵਾਰ ਮੁਰਗੀ ਦੇ ਆਂਡਿਆਂ ਦੀ ਖੇਪ ਦੀ ਦਰਾਮਦ ਕੀਤੀ ਹੈ। ਇਹ ਜਾਣਕਾਰੀ ਰੂਸ ਦੀ ਸਰਕਾਰੀ ਖਬਰ ਏਜੰਸੀ ਨੇ ਅਮਰੀਕੀ ਡਾਟਾ ਸਰਵਿਸ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਹ ਦਰਾਮਦ 32 ਸਾਲਾਂ ’ਚ ਪਹਿਲੀ ਵਾਰ ਹੋਈ ਹੈ। ਆਖਰੀ ਵਾਰ ਅਮਰੀਕਾ ਨੇ 1992 ’ਚ ਰੂਸ ਤੋਂ ਆਂਡੇ ਖਰੀਦੇ ਸਨ।

ਰਿਪੋਰਟ ਅਨੁਸਾਰ ਅਮਰੀਕਾ ਨੇ ਜੁਲਾਈ ਵਿਚ ਰੂਸ ਤੋਂ ਮੁਰਗੀ ਦੇ ਤਾਜ਼ਾ ਆਂਡਿਆਂ ’ਤੇ 4.55 ਲੱਖ ਡਾਲਰ (ਲੱਗਭਗ 3 ਕਰੋੜ 80 ਲੱਖ ਰੁਪਏ) ਖਰਚ ਕੀਤੇ। ਇਹ ਕਦਮ ਉਸ ਵੇਲੇ ਚੁੱਕਿਆ ਗਿਆ ਜਦੋਂ ਦੇਸ਼ ਵਿਚ ਬਰਡ ਫਲੂ ਕਾਰਨ ਪੋਲਟਰੀ ਉਦਯੋਗ ਨੂੰ ਭਾਰੀ ਨੁਕਸਾਨ ਹੋਇਆ ਅਤੇ ਆਂਡਿਆਂ ਦੀ ਸਪਲਾਈ ਦਾ ਸੰਕਟ ਪੈਦਾ ਹੋ ਗਿਆ।

ਇਸ ਸਾਲ ਦੇ ਸ਼ੁਰੂ ਵਿਚ ਫੈਲੇ ਬਰਡ ਫਲੂ ਕਾਰਨ ਲੱਖਾਂ ਮੁਰਗੀਆਂ ਪ੍ਰਭਾਵਿਤ ਹੋਈਆਂ। ਜਨਵਰੀ ’ਚ ਸੀ. ਐੱਨ. ਐੱਨ. ਦੀ ਇਕ ਰਿਪੋਰਟ ਮੁਤਾਬਕ ਹਾਲਾਤ ਇੰਨੇ ਗੰਭੀਰ ਸਨ ਕਿ ਕਈ ਸਟੋਰਾਂ ਨੂੰ ਆਂਡਿਆਂ ’ਤੇ ਖਰੀਦ ਦੀ ਹੱਦ ਬੰਨ੍ਹਣੀ ਪਈ। ਫਰਵਰੀ ਤਕ ਇਕ ਦਰਜਨ ਆਂਡਿਆਂ ਦੀ ਕੀਮਤ 7 ਡਾਲਰ ਤਕ ਪਹੁੰਚ ਗਈ। ਹਾਲਾਂਕਿ ਪਿਛਲੇ ਮਹੀਨਿਆਂ ਵਿਚ ਕੀਮਤਾਂ ਵਿਚ ਕੁਝ ਕਮੀ ਆਈ ਹੈ ਪਰ ਜੁਲਾਈ 2025 ’ਚ ਆਂਡੇ ਪਿਛਲੇ ਸਾਲ ਦੇ ਮੁਕਾਬਲੇ ਹੁਣ ਵੀ 16.4 ਫੀਸਦੀ ਮਹਿੰਗੇ ਰਹੇ।
 


author

Inder Prajapati

Content Editor

Related News