ਸੁਪਰ-30 ਦੇ ਸੰਸਥਾਪਕ ਆਨੰਦ ਕੁਮਾਰ ਅਮਰੀਕਾ 'ਚ ਸਨਮਾਨਿਤ

Thursday, Sep 19, 2019 - 12:50 PM (IST)

ਸੁਪਰ-30 ਦੇ ਸੰਸਥਾਪਕ ਆਨੰਦ ਕੁਮਾਰ ਅਮਰੀਕਾ 'ਚ ਸਨਮਾਨਿਤ

ਵਾਸ਼ਿੰਗਟਨ (ਬਿਊਰੋ)— ਸੁਪਰ-30 ਦੇ ਸੰਸਥਾਪਕ ਅਤੇ ਮਸ਼ਹੂਰ ਗਣਿਤ ਵਿਗਿਆਨੀ ਆਨੰਦ ਕੁਮਾਰ ਨੂੰ ਵੀਰਵਾਰ ਨੂੰ ਅਮਰੀਕਾ ਵਿਚ ਇਕ ਵੱਕਾਰੀ ਸਿੱਖਿਆ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਆਨੰਦ ਨੂੰ ਇਹ ਪੁਰਸਕਾਰ ਦੇਸ਼ ਦੇ ਲੋੜਵੰਦ ਬਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਉਨ੍ਹਾਂ ਦੇ ਯੋਗਦਾਨ ਲਈ ਦਿੱਤਾ ਗਿਆ। ਕੈਲੀਫੋਰਨੀਆ ਦੇ ਸੈਨ ਜੋਸ ਵਿਚ ਓਰਗੇਨਾਈਜੇਸ਼ਨ ਦੀ 25ਵੀਂ ਵਰ੍ਹੇਗੰਢ ਮੌਕੇ ਇਕ ਸਮਾਰੋਹ ਵਿਚ 'ਫਾਊਂਡੇਸ਼ਨ ਫੌਰ ਐਕਸੀਲੈਂਸ' (FFE) ਵੱਲੋਂ 46 ਸਾਲ ਦੇ ਆਨੰਦ ਕੁਮਾਰ ਨੂੰ 'ਐਜੁਕੇਸ਼ਨ ਐਕਸੀਲੈਂਸ ਐਵਾਰਡ 2019' ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਪ੍ਰੋਗਰਾਮ ਵਿਚ ਬੋਲਦੇ ਹੋਏ ਆਨੰਦ ਨੇ ਸੰਯੁਕਤ ਰਾਜ ਅਮਰੀਕਾ ਅਤੇ ਦੁਨੀਆ ਭਰ ਵਿਚ ਰਹਿਣ ਵਾਲੇ ਭਾਰਤੀ ਭਾਈਚਾਰੇ ਨੂੰ ਸਿੱਖਿਆ ਨੂੰ ਦੁਨੀਆ ਦੀਆਂ ਸਾਰੀਆਂ ਸਮੱਸਿਆਵਾਂ ਨਾਲ ਲੜਨ ਲਈ ਸਭ ਤੋਂ ਮਜ਼ਬੂਤ ਹਥਿਆਰ ਬਣਾਉਣ ਵਿਚ ਮਦਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ,''ਸਿੱਖਿਆ ਨੂੰ ਆਮ ਜਨਤਾ ਲਈ ਆਸਾਨ ਬਣਾਉਣਾ ਦੁਨੀਆ ਵਿਚ ਇਕ ਮਹੱਤਵਪੂਰਣ ਫਰਕ ਲਿਆਵੇਗਾ। ਇਸ ਨਾਲ ਗਰੀਬੀ, ਬੇਰੁਜ਼ਗਾਰੀ, ਜਨਸੰਖਿਆ ਵਿਸਫੋਟ, ਵਾਤਾਵਰਣ ਗਿਰਾਵਟ ਅਤੇ ਬਹੁਤ ਸਾਰੇ ਮੁੱਦਿਆਂ ਨੂੰ ਹੱਲ ਕਰਨ ਵਿਚ ਮਦਦ ਮਿਲੇਗੀ।'' ਆਨੰਦ ਨੇ ਕਿਹਾ ਕਿ ਅਮਰੀਕਾ ਸਮੇਤ ਦੁਨੀਆ ਭਰ ਦੇ ਵੱਖ-ਵੱਖ ਖੇਤਰਾਂ ਵਿਚ ਭਾਰਤੀ ਹੈਰਾਨੀ ਭਰਪੂਰ ਕੰਮ ਕਰਦੇ ਰਹੇ ਹਨ। ਉਨ੍ਹਾਂ ਲਈ ਸਮਾਜ ਨੂੰ ਕੁਝ ਦੇਣਾ ਸੰਤੁਸ਼ਟੀ ਭਰਪੂਰ ਹੋਵੇਗਾ।

 

ਗੌਰਤਲਬ ਹੈ ਕਿ ਆਨੰਦ ਪਿਛਲੇ 18 ਸਾਲਾਂ ਤੋਂ ਭਾਰਤ ਵਿਚ ਸੁਪਰ-30 ਪ੍ਰੋਗਰਾਮ ਚਲਾ ਰਹੇ ਹਨ। ਇਸ ਵਿਚ 30 ਵਿਦਿਆਰਥੀਆਂ ਨੂੰ ਇਕ ਸਾਲ ਲਈ ਰਿਹਾਇਸ਼ ਮੁਫਤ ਕੋਚਿੰਗ ਦਿੱਤੀ ਜਾਂਦੀ ਹੈ। ਇਹ ਸਾਰੇ ਬੱਚੇ ਭਾਰਤ ਦੇ ਇੰਜੀਨੀਅਰਿੰਗ ਦੀ ਉੱਚ ਸੰਸਥਾ ਆਈ.ਆਈ.ਟੀ. ਦੀ ਪ੍ਰੀਖਿਆ ਆਈ.ਆਈ.ਟੀ.-ਜੇ.ਈ.ਈ. ਲਈ ਤਿਆਰੀ ਕਰਦੇ ਹਨ। ਆਨੰਦ ਦਾ ਕਹਿਣਾ ਹੈ ਕਿ ਸਿੱਖਿਅਤ ਦੁਨੀਆ ਜ਼ਿਆਦਾ ਸਮਝ ਅਤੇ ਦਇਆ ਕਾਰਨ ਬਿਹਤਰ ਜਗ੍ਹਾ ਹੋਵੇਗੀ। ਆਨੰਦ ਨੇ ਕਿਹਾ ਕਿ ਅੱਜ ਲੋਕਾਂ ਵਿਚ ਅੰਤਰ ਬਹੁਤ ਵੱਡਾ ਹੋ ਰਿਹਾ ਹੈ, ਜਿਸ ਨੂੰ ਸਿਰਫ ਸਿੱਖਿਆ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ।


author

Vandana

Content Editor

Related News