ਡੋਨਾਲਡ ਟਰੰਪ ਜਲਦੀ ਕਰ ਸਕਦੇ ਨੇ ਆਪਣੀ ਕੈਬਨਿਟ ਤੇ ਪ੍ਰਸ਼ਾਸਨ ''ਚ ਤਬਦੀਲੀ

11/08/2018 12:47:20 PM

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਮੱਧ ਮਿਆਦ ਦੀਆਂ ਚੋਣਾਂ ਦੇ ਨਤੀਜੇ ਐਲਾਨੇ ਜਾਣ ਦੇ ਇਕ ਦਿਨ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਕੇਤ ਦਿੱਤੇ ਹਨ ਕਿ ਉਨ੍ਹਾਂ ਦੀ ਕੈਬਨਿਟ ਵਿਚ ਕੁਝ ਤਬਦੀਲੀਆਂ ਹੋ ਸਕਦੀਆਂ ਹਨ। ਉਨ੍ਹਾਂ ਨੇ ਆਪਣੇ ਪ੍ਰਸ਼ਾਸਨ ਅਤੇ ਵ੍ਹਾਈਟ ਹਾਊਸ ਦੇ ਕਈ ਸੀਨੀਅਰ ਅਹੁਦਿਆਂ 'ਤੇ ਵੀ ਤਬਦੀਲੀ ਦਾ ਇਸ਼ਾਰਾ ਕੀਤਾ। ਰਾਸ਼ਟਰਪਤੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਰੀਬ ਇਕ ਹਫਤੇ ਵਿਚ ਉਨ੍ਹਾਂ ਦੇ ਪ੍ਰਸ਼ਾਸਨ ਵਿਚ ਸੰਭਵ ਤੌਰ 'ਤੇ ਤਬਦੀਲੀਆਂ ਹੋ ਸਕਦੀਆਂ ਹਨ। 

ਅਟਾਰਨੀ ਜਨਰਲ ਜੇਫ ਸੇਸ਼ੰਸ ਨੇ ਬੁੱਧਵਾਰ ਨੂੰ ਟਰਪ ਦੀ ਅਪੀਲ 'ਤੇ ਅਸਤੀਫਾ ਦੇ ਦਿੱਤਾ ਜਦਕਿ ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ ਨਿੱਕੀ ਹੈਲੀ ਪਹਿਲਾਂ ਹੀ ਅਸਤੀਫਾ ਦੇ ਚੁੱਕੀ ਹੈ। ਉਹ ਇਸ ਸਾਲ ਦੇ ਅਖੀਰ ਤੱਕ ਟਰੰਪ ਪ੍ਰਸ਼ਾਸਨ ਦਾ ਕੰਮਕਾਜ ਛੱਡੇਗੀ। ਖਬਰਾਂ ਮੁਤਾਬਕ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਵੀ ਜਲਦੀ ਹੀ ਅਹੁਦਾ ਛੱਡ ਸਕਦੀ ਹੈ। ਭਾਵੇਂਕਿ ਟਰੰਪ ਨੇ ਉਨ੍ਹਾਂ ਨੂੰ ਆਪਣੀ ਪ੍ਰਭਾਵੀ ਅਤੇ ਸਫਲ ਬੁਲਾਰਨ ਕਰਾਰ ਦੇ ਕੇ ਉਨ੍ਹਾਂ ਦੀ ਤਾਰੀਫ ਕੀਤੀ ਹੈ। ਅੰਦਰੂਨੀ ਮਾਮਲਿਆਂ ਦੇ ਮੰਤਰੀ ਦਾ ਅਹੁਦਾ ਵੀ ਨਿਸ਼ਚਿਤ ਨਹੀਂ ਹੈ। 

ਅਮਰੀਕੀ ਸੰਸਦ (ਕਾਂਗਰਸ) ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਵਿਚ ਟਰੰਪ ਦੀ ਰੀਪਬਲਿਕਨ ਪਾਰਟੀ ਨੂੰ ਡੈਮੋਕ੍ਰੈਟ ਪਾਰਟੀ ਦੇ ਹੱਥੋਂ ਮਿਲੀ ਹਾਰ ਦੇ ਇਕ ਦਿਨ ਬਾਅਦ ਰਾਸ਼ਟਰਪਤੀ ਨੇ ਬੁੱਧਵਾਰ ਨੂੰ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਦੱਸਿਆ,''ਅਸੀਂ ਕੈਬਨਿਟ ਸਮੇਤ ਕਈ ਵੱਖ-ਵੱਖ ਚੀਜ਼ਾਂ 'ਤੇ ਵਿਚਾਰ ਕਰ ਰਹੇ ਹਾਂ। ਮੈਂ ਆਪਣੀ ਕੈਬਨਿਟ ਦੇ ਜ਼ਿਆਦਾਤਰ ਲੋਕਾਂ ਤੋਂ ਬਹੁਤ ਖੁਸ਼ ਹਾਂ। ਅਸੀਂ ਵੱਖ-ਵੱਖ ਅਹੁਦਿਆਂ ਲਈ ਵੱਖ-ਵੱਖ ਲੋਕਾਂ ਦੀ ਤਲਾਸ਼ ਵਿਚ ਹਾਂ।'' ਉਨ੍ਹਾਂ ਨੇ ਕਿਹਾ ਕਿ ਮੱਧ ਮਿਆਦ ਦੀਆਂ ਚੋਣਾਂ ਦੇ ਬਾਅਦ ਅਜਿਹੀਆਂ ਤਬਦੀਲੀਆਂ ਬਹੁਤ ਸਧਾਰਨ ਹਨ। ਟਰੰਪ ਨੇ ਕਿਹਾ,''ਮੈਂ ਮੱਧ ਮਿਆਦ ਦੀਆਂ ਚੋਣਾਂ ਤੋਂ ਪਹਿਲਾਂ ਕੁਝ ਨਹੀਂ ਕਰਨਾ ਚਾਹੁੰਦਾ ਸੀ ਪਰ ਮੈਂ ਤੁਹਾਨੂੰ ਦੱਸ ਦੇਵਾਂ ਕਿ ਮੈਂ ਆਪਣੀ ਕੈਬਨਿਟ ਤੋਂ ਬਹੁਤ ਖੁਸ਼ ਹਾਂ।'' ਵਿਦੇÎਸ਼ ਮੰਤਰੀ ਮਾਈਕ ਪੋਂਪਿਓ  ਦੀ ਤਾਰੀਫ ਕਰਦਿਆਂ ਟਰੰਪ ਨੇ ਕਿਹਾ,''ਮੇਰਾ ਮੰਨਣਾ ਹੈ ਕਿ ਪੋਂਪਿਓ ਨੇ ਬਹੁਤ ਬਿਹਤਰ ਤਾਲਮੇਲ ਬਿਠਾਇਆ ਹੈ। ਉਨ੍ਹਾਂ ਨੇ ਸ਼ਾਨਦਾਰ ਕੰਮ ਕੀਤਾ ਹੈ।''


Vandana

Content Editor

Related News