ਮਰਹੂਮ ਸੈਨੇਟਰ ਨੂੰ ਲੈ ਕੇ ਟਰੰਪ ਦਾ ਯੂ-ਟਰਨ, ਝੰਡਾ ਅੱਧਾ ਝੁਕਾਉਣ ਦਾ ਦਿੱਤਾ ਆਦੇਸ਼
Tuesday, Aug 28, 2018 - 10:09 AM (IST)

ਵਾਸ਼ਿੰਗਟਨ (ਭਾਸ਼ਾ)— ਮਰਹੂਮ ਅਮਰੀਕੀ ਸੈਨੇਟਰ ਜੌਨ ਮੈਕੇਨ ਨੂੰ ਮੁਨਾਸਬ ਸਨਮਾਨ ਨਾ ਦੇਣ ਕਾਰਨ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹਰ ਪਾਸੇ ਆਲੋਚਨਾ ਕੀਤੀ ਜਾ ਰਹੀ ਸੀ। ਹੁਣ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਪੁਰਾਣੇ ਰਵੱਈਏ ਤੋਂ ਯੂ-ਟਰਨ ਲੈਂਦੇ ਹੋਏ ਸੰਸਦ ਮੈਂਬਰ ਜੌਨ ਮੈਕੇਨ ਦੇ ਦੇਹਾਂਤ ਦੀ ਰਸਮੀ ਸੂਚਨਾ ਜਾਰੀ ਕੀਤੀ ਹੈ ਅਤੇ ਵ੍ਹਾਈਟ ਹਾਊਸ 'ਤੇ ਝੰਡਾ ਅੱਧਾ ਝੁਕਾਉਣ ਦਾ ਆਦੇਸ਼ ਦਿੱਤਾ ਹੈ। ਟਰੰਪ ਨੇ ਕਿਹਾ,''ਨੀਤੀਆਂ ਅਤੇ ਰਾਜਨੀਤੀ ਵਿਚ ਸਾਡੇ ਮਤਭੇਦਾਂ ਦੇ ਬਾਵਜੂਦ ਮੈਂ ਆਪਣੇ ਦੇਸ਼ ਲਈ ਸੈਨੇਟਰ ਜੌਨ ਮੈਕੇਨ ਦੀ ਸੇਵਾ ਦਾ ਸਨਮਾਨ ਕਰਦਾ ਹਾਂ ਅਤੇ ਉਸ ਦੇ ਸਨਮਾਨ ਵਿਚ ਮੈਂ ਉਨ੍ਹਾਂ ਦੇ ਅੰਤਿਮ ਸਸਕਾਰ ਦੇ ਦਿਨ ਤੱਕ ਅਮਰੀਕਾ ਦਾ ਕੌਮੀ ਝੰਡਾ ਅੱਧਾ ਝੁਕਾਏ ਰੱਖਣ ਦੇ ਆਦੇਸ਼ 'ਤੇ ਦਸਤਖਤ ਕੀਤੇ ਹਨ।''
ਇਸ ਆਦੇਸ਼ ਦੇ ਬਾਅਦ ਵ੍ਹਾਈਟ ਹਾਊਸ, ਸਾਰੇ ਜਨਤਕ ਭਵਨਾਂ, ਮਿਲਟਰੀ ਅਦਾਰਿਆਂ ਅਤੇ ਦੂਤਘਰਾਂ 'ਤੇ ਝੰਡਾ ਅੱਧਾ ਝੁਕਿਆ ਰਹੇਗਾ। ਟਰੰਪ ਨੇ ਕਿਹਾ ਕਿ ਮੈਕੇਨ ਦੀ ਯਾਦ ਵਿਚ ਸ਼ੁੱਕਰਵਾਰ ਨੂੰ ਯੂ.ਐੱਸ. ਕੈਪੀਟੋਲ ਵਿਚ ਹੋਣ ਵਾਲੇ ਯਾਦਗਾਰੀ ਸਮਾਰੋਹ ਵਿਚ ਉਪ ਰਾਸ਼ਟਰਪਤੀ ਮਾਈਕ ਪੇਨਸ ਹਿੱਸਾ ਲੈਣਗੇ। ਉਨ੍ਹਾਂ ਨੇ ਕਿਹਾ ਕਿ ਰੱਖਿਆ ਮੰਤਰੀ ਜਿਮ ਮੈਟਿਸ, ਚੀਫ ਆਫ ਸਟਾਫ, ਜੌਨ ਕੈਲੀ ਅਤੇ ਕੌਮੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਯਾਦਗਾਰੀ ਸਮਾਰੋਹ ਵਿਚ ਰਾਸ਼ਟਰਪਤੀ ਦੀ ਨੁਮਾਇੰਦਗੀ ਕਰਨਗੇ। ਦਿਮਾਗੀ ਕੈਂਸਰ ਨਾਲ ਲੰਬੇ ਸਮੇਂ ਤੱਕ ਜੂਝਣ ਮਗਰੋਂ ਸ਼ਨੀਵਾਰ ਨੂੰ ਮੈਕੇਨ ਦਾ ਦੇਹਾਂਤ ਹੋ ਗਿਆ ਸੀ।