ਟਰੰਪ ਨੇ ਚੋਣ ਪ੍ਰਚਾਰ ਸ਼ੁਰੂ ਕਰਨ ਦੇ 24 ਘੰਟੇ ਦੇ ਅੰਦਰ ਜੁਟਾਏ 172 ਕਰੋੜ ਰੁਪਏ

Thursday, Jun 20, 2019 - 10:23 AM (IST)

ਟਰੰਪ ਨੇ ਚੋਣ ਪ੍ਰਚਾਰ ਸ਼ੁਰੂ ਕਰਨ ਦੇ 24 ਘੰਟੇ ਦੇ ਅੰਦਰ ਜੁਟਾਏ 172 ਕਰੋੜ ਰੁਪਏ

ਵਾਸ਼ਿੰਗਟਨ (ਬਿਊਰੋ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਚੋਣ ਪ੍ਰਚਾਰ ਮੁਹਿੰਮ ਸ਼ੁਰੂ ਕਰਨ ਦੇ 24 ਘੰਟੇ ਦੇ ਅੰਦਰ 24.8 ਮਿਲੀਅਨ ਡਾਲਰ (ਕਰੀਬ 172 ਕਰੋੜ ਰੁਪਏ) ਚੰਦਾ ਇਕੱਠਾ ਕਰ ਲਿਆ। ਇਸ ਦੌਰਾਨ ਵਿਰੋਧੀ ਧਿਰ ਡੈਮੋਕ੍ਰੈਟਿਕ ਪਾਰਟੀ ਦੇ ਤਿੰਨ ਉਮੀਦਵਾਰ 41 ਤੋਂ 43 ਕਰੋੜ ਰੁਪਏ ਹੀ ਇਕੱਠੇ ਕਰ ਪਾਏ। ਭਾਵੇਂਕਿ ਇਹ ਪਤਾ ਲੱਗਣਾ ਬਾਕੀ ਹੈ ਕਿ ਟਰੰਪ ਨੇ ਇਹ ਰਾਸ਼ੀ ਕਿਸ ਤਰ੍ਹਾਂ ਇਕੱਠੀ ਕੀਤੀ। 

ਟਰੰਪ ਰੀਪਬਲਿਕਨ ਪਾਰਟੀ ਤੋਂ ਹਨ। ਮਾਰਚ ਤੱਕ ਹੀ ਵੱਖ-ਵੱਖ ਪ੍ਰਚਾਰ ਕਮੇਟੀਆਂ ਜ਼ਰੀਏ ਉਨ੍ਹਾਂ ਨੇ ਲੱਗਭਗ 338 ਕਰੋੜ ਰੁਪਏ ਇਕੱਠੇ ਕਰ ਲਏ ਸਨ। ਇਸ ਦੌਰਾਨ ਰੀਪਬਲਿਕਨ ਨੈਸ਼ਨਲ ਕਮੇਟੀ ਨੇ 241 ਕਰੋੜ ਰੁਪਏ ਇਕੱਠੇ ਕੀਤੇ ਸਨ। ਡੈਮੋਕ੍ਰੈਟਿਕ ਪਾਰਟੀ ਦਾ ਕੁੱਲ ਫੰਡ ਕਰੀਬ 52 ਕਰੋੜ ਰੁਪਏ ਹੈ। ਉਸ 'ਤੇ 43 ਕਰੋੜ ਰੁਪਏ ਦਾ ਕਰਜ਼ ਵੀ ਹੈ। ਡੈਮੋਕ੍ਰੈਟਿਕ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਸਾਬਕਾ ਉਪ ਰਾਸ਼ਟਰਪਤੀ ਜੋ ਬਿਡੇਨ ਨੇ ਉਮੀਦਵਾਰੀ ਐਲਾਨਣ ਤੋਂ ਪਹਿਲਾਂ 24 ਘੰਟਿਆਂ ਵਿਚ ਲੱਗਭਗ 43 ਕਰੋੜ, ਬੇਟੋ ਓ ਰੌਰਕੇ ਨੇ 42 ਕਰੋੜ ਰੁਪਏ ਅਤੇ ਬਰਨੀ ਸੈਂਡਰਸ ਨੇ ਕਰੀਬ 41 ਕਰੋੜ ਰੁਪਏ ਇਕੱਠੇ ਕੀਤੇ ਸਨ। 

ਰੀਪਬਲਿਕਨ ਪਾਰਟੀ ਦੀ ਚੇਅਰਪਰਸਨ ਰੋਨਾ ਮੈਕਡੇਨੀਅਲ ਨੇ ਟਵੀਟ ਕਰ ਕੇ ਚੰਦੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਇੰਨੀ ਵੱਡੀ ਰਾਸ਼ੀ ਇਕੱਠੀ ਕਰਨ ਨਾਲ ਸਾਫ ਹੈ ਕਿ ਲੋਕਾਂ ਵਿਚ ਟਰੰਪ ਨੂੰ ਲੈ ਕੇ ਜ਼ਬਰਦਸਤ ਉਤਸ਼ਾਹ ਹੈ। ਲੋਕ ਟਰੰਪ ਨੂੰ ਦੁਬਾਰਾ ਰਾਸ਼ਟਰਪਤੀ ਬਣਦੇ ਦੇਖਣਾ ਚਾਹੁੰਦੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਅਜਿਹਾ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਇਸ ਦੌਰਾਨ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਸਮੇਤ ਪੂਰਾ ਪਰਿਵਾਰ ਮੌਜੂਦ ਸੀ। 

ਇਸ ਮੌਕੇ ਟਰੰਪ ਨੇ ਕਿਹਾ,''ਅਸੀਂ ਅਮਰੀਕਾ ਨੂੰ ਇਕ ਵਾਰ ਫਿਰ ਮਹਾਨ ਬਣਾਉਣ ਜਾ ਰਹੇ ਹਾਂ। ਅਸੀਂ ਇਸ ਨੂੰ ਪਹਿਲਾਂ ਨਾਲੋਂ ਬਿਹਤਰ ਬਣਾਵਾਂਗੇ।'' ਪਿਛਲੇ ਹਫਤੇ ਇਕ ਸਰਵੇ ਵਿਚ ਦੱਸਿਆ ਗਿਆ ਕਿ ਟਰੰਪ ਦੇ ਮੁਕਾਬਲੇ ਸਾਬਕਾ ਉਪ ਰਾਸ਼ਟਰਪਤੀ ਜੋ ਬਿਡੇਨ ਨੂੰ 53 ਫੀਸਦੀ ਅਤੇ ਸੈਂਡਰਸ ਨੂੰ 51 ਫੀਸਦੀ ਵੋਟ ਮਿਲਣ ਦੀ ਸੰਭਾਵਨਾ ਹੈ।


author

Vandana

Content Editor

Related News