ਅਮਰੀਕਾ : ਵਿਅਕਤੀ ਨੇ ਇਕੱਲੇ ਅੰਟਾਰਟਿਕਾ ਪਾਰ ਕਰ ਰਚਿਆ ਇਤਿਹਾਸ
Thursday, Dec 27, 2018 - 11:04 AM (IST)

ਵਾਸ਼ਿੰਗਟਨ (ਏ.ਐੱਫ.ਪੀ.)— ਅਮਰੀਕਾ ਦੇ ਇਕ ਬਹਾਦੁਰ ਨੌਜਵਾਨ ਨੇ ਇਤਿਹਾਸ ਰਚਿਆ ਹੈ। ਉਹ ਬਿਨਾਂ ਕਿਸੇ ਤਰ੍ਹਾਂ ਦੀ ਮਦਦ ਦੇ ਅੰਟਾਕਟਿਕਾ ਪਾਰ ਕਰਨ ਵਾਲਾ ਪਹਿਲਾ ਵਿਅਕਤੀ ਬਣ ਗਿਆ ਹੈ। 33 ਸਾਲਾ ਕੋਲਿਨ ਓ'ਬ੍ਰੈਡੀ ਨੂੰ ਉੱਤਰ ਤੋਂ ਦੱਖਣ ਤੱਕ ਬਰਫ ਦੀ ਚਾਦਰ ਨਾਲ ਢਕੇ ਇਸ ਮਹਾਦੀਪ ਦੀ ਕਰੀਬ 1,600 ਕਿਲੋਮੀਟਰ ਦੀ ਯਾਤਰਾ ਪੂਰੀ ਕਰਨ ਵਿਚ 54 ਦਿਨ ਲੱਗੇ। ਆਖਰੀ 77.5 ਮੀਲ ਦੀ ਯਾਤਰਾ 32 ਘੰਟੇ ਵਿਚ ਪੂਰੀ ਕਰਨ ਦੇ ਬਾਅਦ ਓ'ਬ੍ਰੈਡੀ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਵਿਚ ਲਿਖਿਆ,''ਮੈਂ ਇਕੱਲੇ ਅੰਟਾਰਟਿਕਾ ਮਹਾਦੀਪ ਨੂੰ ਪਾਰ ਕਰਨ ਵਾਲਾ ਇਤਿਹਾਸ ਵਿਚ ਪਹਿਲਾ ਵਿਅਕਤੀ ਬਣਨ ਦਾ ਆਪਣਾ ਟੀਚਾ ਹਾਸਲ ਕਰ ਲਿਆ।''
ਉਨ੍ਹਾਂ ਨੇ ਲਿਖਿਆ,''ਹਾਲਾਂਕਿ ਆਖਰੀ 32 ਘੰਟੇ ਮੇਰੀ ਜ਼ਿੰਦਗੀ ਦੇ ਸਭ ਤੋਂ ਚੁਣੌਤੀਪੂਰਨ ਘੰਟੇ ਰਹੇ ਪਰ ਨਾਲ ਹੀ ਉਹ ਹੁਣ ਤੱਕ ਦੇ ਸਭ ਤੋਂ ਚੰਗੇ ਪਲ ਸਾਬਤ ਹੋਏ।'' ਓ'ਬ੍ਰੈਡੀ ਅਤੇ ਇੰਗਲੈਂਡ ਦੇ ਫੌਜ ਕੈਪਟਨ ਲੁਈਸ ਰੂਡ (49) ਨੇ 3 ਨਵੰਬਰ ਨੂੰ ਅੰਟਾਰਟਿਕਾ ਪਾਰ ਕਰਨ ਦੀ ਯਾਤਰਾ ਸ਼ੁਰੂ ਕੀਤੀ ਸੀ। ਓ'ਬ੍ਰੈਡੀ ਬੁੱਧਵਾਰ ਨੂੰ ਪ੍ਰਸ਼ਾਂਤ ਮਹਾਸਾਗਰ 'ਤੇ ਰੌਸ ਆਈਸ ਸ਼ੈਲਫ 'ਤੇ ਪਹੁੰਚੇ। ਰੂਡ ਉਨ੍ਹਾਂ ਨਾਲੋਂ ਇਕ ਜਾਂ ਦੋ ਦਿਨ ਪਿੱਛੇ ਹਨ। ਸਾਲ 2016 ਵਿਚ ਇੰਗਲੈਂਡ ਦੇ ਇਕ ਫੌਜ ਅਧਿਕਾਰੀ ਲੈਫਟੀਨੈਂਟ ਕਰਨਲ ਹੇਨਰੀ ਵੋਰਸਲੀ ਦੀ ਇਕੱਲੇ ਅੰਟਾਰਟਿਕਾ ਪਾਰ ਕਰਨ ਦੀ ਕੋਸ਼ਿਸ਼ ਵਿਚ ਮੌਤ ਹੋ ਗਈ ਸੀ।