ਅਮਰੀਕਾ ''ਚ ਭਾਰਤੀ ਸ਼ਖਸ ਨੇ ਵਿਦੇਸ਼ੀ ਨਾਗਰਿਕਾਂ ਦੀ ਤਸਕਰੀ ਦਾ ਦੋਸ਼ ਕਬੂਲਿਆ

03/15/2019 1:01:29 PM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ ਇਕ ਭਾਰਤੀ ਨਾਗਰਿਕ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਤੌਰ 'ਤੇ ਭਾਰਤੀਆਂ ਦੀ ਤਸਕਰੀ ਕੀਤੇ ਜਾਣ ਦੇ ਦੋਸ਼ ਸਵੀਕਾਰ ਕਰ ਲਿਆ ਹੈ। ਵੀਰਵਾਰ ਨੂੰ ਨਿਊ ਜਰਸੀ ਦੀ ਇਕ ਅਦਾਲਤ ਸਾਹਮਣੇ ਜੁਰਮ ਕਬੂਲ ਕਰਦੇ ਹੋਏ 38 ਸਾਲਾ ਭਾਵਿਨ ਪਟੇਲ ਨੇ ਕਿਹਾ ਕਿ ਉਸ ਨੇ ਆਪਣੇ ਵਿੱਤੀ ਲਾਭ ਲਈ ਅਜਿਹਾ ਕੀਤਾ। ਉਸ ਨੂੰ ਵੱਧ ਤੋਂ ਵੱਧ 10 ਸਾਲ ਕੈਦ ਅਤੇ 250,000 ਅਮਰੀਕੀ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਸਜ਼ਾ ਦਾ ਐਲਾਨ 9 ਜੁਲਾਈ ਨੂੰ ਕੀਤਾ ਜਾਵੇਗਾ।

ਇਸ ਮਾਮਲੇ ਵਿਚ ਦਾਖਲ ਦਸਤਾਵੇਜ਼ਾਂ ਅਤੇ ਅਦਾਲਤ ਵਿਚ ਦਿੱਤੇ ਗਏ ਬਿਆਨਾਂ ਮੁਤਾਬਕ ਘਰੇਲੂ ਸੁਰੱਖਿਆ ਜਾਂਚ ਵਿਭਾਗ (ਡਿਪਾਰਟਮੈਂਟ ਆਫ ਹੋਮਲੈਂਡ ਸਿਕਓਰਿਟੀ ਇਨਵੈਸਟੀਗੇਸ਼ਨ) ਦੇ ਏਜੰਟਾਂ ਨੂੰ ਜਾਣਕਾਰੀ ਮਿਲੀ ਸੀ ਕਿ ਪਟੇਲ ਇਕ ਤਸਕਰੀ ਮੁਹਿੰਮ ਚਲਾ ਰਿਹਾ ਹੈ। ਜਿਸ ਦੇ ਤਹਿਤ ਭਾਰਤ ਤੋਂ ਵਿਦੇਸ਼ੀ ਨਾਗਰਿਕਾਂ ਨੂੰ ਅਮਰੀਕਾ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਂਚ ਵਿਚ ਪਤਾ ਚੱਲਿਆ ਕਿ ਤਸਕਰੀ ਕਰਨ ਵਾਲੇ ਸੰਗਠਨ ਨੇ ਭਾਰਤੀ ਨਾਗਰਿਕਾਂ ਅਤੇ ਹੋਰ ਲੋਕਾਂ ਨੂੰ ਅਮਰੀਕਾ ਲਿਆਉਣ ਦੇ ਬਦਲੇ ਮੋਟੀ ਰਾਸ਼ੀ ਲਈ ਸੀ। 

ਅਕਤੂਬਰ 2013 ਵਿਚ ਜਾਲ ਵਿਛਾਇਆ ਗਿਆ ਅਤੇ ਇਕ ਜਾਂਚ ਅਧਿਕਾਰੀ ਨੇ ਤਸਕਰ ਬਣ ਕੇ ਬੈਂਕਾਕ ਵਿਚ ਪਟੇਲ ਨਾਲ ਮੁਲਾਕਾਤ ਕੀਤੀ। ਪਟੇਲ ਨੇ ਇਸ ਅਧਿਕਾਰੀ ਨੂੰ ਕਿਹਾ ਕਿ ਉਹ ਕੁਝ ਭਾਰਤੀ ਨਾਗਰਿਕਾਂ ਨੂੰ ਤਸਕਰੀ ਕਰ ਕੇ ਅਮਰੀਕਾ ਲਿਆਉਣਾ ਚਾਹੁੰਦਾ ਹੈ। ਨਿਆਂ ਵਿਭਾਗ ਨੇ ਦੱਸਿਆ ਕਿ ਤਿੰਨ ਵੱਖ-ਵੱਖ ਵਾਰੀ ਪਟੇਲ ਨੇ ਜਾਂ ਉਸ ਦੇ ਸਾਥੀ ਨੇ ਭਾਰਤੀ ਨਾਗਰਿਕਾਂ ਨੂੰ ਥਾਈਲੈਂਡ ਦੇ ਇਕ ਹਵਾਈ ਅੱਡੇ ਤੱਕ ਪਹੁੰਚਾਇਆ। ਉੱਥੋਂ ਜਾਂਚ ਅਧਿਕਾਰੀ ਨੇ ਆਪਣੇ ਸੰਪਰਕਾਂ ਦੀ ਵਰਤੋਂ ਕਰ ਕੇ ਇਨ੍ਹਾਂ ਨਾਗਰਿਕਾਂ ਨੂੰ ਵਪਾਰਕ ਏਅਰਲਾਈਨਜ਼ ਦੀਆਂ ਉਡਾਣਾਂ ਤੋਂ ਅਮਰੀਕਾ ਲਿਆਉਣਾ ਸੀ। ਪਟੇਲ ਇਸ ਲਈ ਭੁਗਤਾਨ ਕਰਨ ਲਈ ਤਿਆਰ ਹੋ ਗਿਆ। 

ਹਰੇਕ ਵਿਅਕਤੀ ਲਈ ਹਜ਼ਾਰਾਂ ਡਾਲਰ ਦੀ ਰਾਸ਼ੀ ਤੈਅ ਹੋਈ। ਅਗਲੇ ਕੁਝ ਮਹੀਨੇ ਵਿਚ ਪਟੇਲ ਨੇ 6 ਭਾਰਤੀਆਂ ਨੂੰ ਥਾਈਲੈਂਡ ਲਿਆਉਣ ਅਤੇ ਉੱਥੋਂ ਤਸਕਰੀ ਜ਼ਰੀਏ ਨੇਵਾਰਕ ਲਿਬਰਟੀ ਇੰਟਰਨੈਸ਼ਨਲ ਹਵਾਈ ਅੱਡੇ ਹੁੰਦੇ ਹੋਏ ਅਮਰੀਕਾ ਲਿਆਉਣ ਦੀ ਵਿਵਸਥਾ ਕੀਤੀ। ਇਸੇ ਸਿਲਸਿਲੇ ਵਿਚ ਉਹ 7 ਦਸੰਬਰ ਨੂੰ ਨੇਵਾਰਕ ਲਿਬਰਟੀ ਪਹੁੰਚਿਆ ਜਿੱਥੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।


Vandana

Content Editor

Related News