ਅਮਰੀਕਾ 'ਚ ਅਲਰਟ, ਤੇਜ਼ ਹਵਾਵਾਂ ਨਾਲ ਇਨ੍ਹਾਂ ਖੇਤਰਾਂ ਵਿਚ ਹੋਰ ਮਚਣਗੇ ਜੰਗਲੀ ਅੱਗ ਦੇ ਭਾਂਬੜ

Monday, Oct 26, 2020 - 08:30 AM (IST)

ਅਮਰੀਕਾ 'ਚ ਅਲਰਟ, ਤੇਜ਼ ਹਵਾਵਾਂ ਨਾਲ ਇਨ੍ਹਾਂ ਖੇਤਰਾਂ ਵਿਚ ਹੋਰ ਮਚਣਗੇ ਜੰਗਲੀ ਅੱਗ ਦੇ ਭਾਂਬੜ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਕੈਲੀਫੋਰਨੀਆ ਵਿਚ ਜੰਗਲੀ ਅੱਗ ਨੇ ਪਹਿਲਾਂ ਹੀ ਬਹੁਤ ਤਬਾਹੀ ਮਚਾਈ ਹੋਈ ਹੈ ਪਰ ਹੁਣ ਅਕਤੂਬਰ ਦੇ ਅਖੀਰ ਵਿਚ ਇਹ ਹੋਰ ਵਧਣ ਵਾਲੀ ਹੈ। ਮੌਸਮ ਸਬੰਧੀ ਜਾਣਕਾਰੀ ਦੇਣ ਵਾਲੇ ਮਾਹਰਾਂ ਦਾ ਕਹਿਣਾ ਹੈ ਕਿ ਇਸ ਲਈ ਸਭ ਤੋਂ ਵੱਡਾ ਖ਼ਤਰਾ ਮੌਸਮ ਦੇ ਖਰਾਬ ਹੋਣ ਦਾ ਹੈ। ਇਸ ਸਾਲ ਜੰਗਲੀ ਅੱਗ ਕਾਰਨ ਕੈਲੀਫੋਰਨੀਆ ਉੱਚ ਅਲਰਟ 'ਤੇ ਹੈ ਕਿਉਂਕਿ ਤੇਜ਼ ਹਵਾਵਾਂ ਕੁਝ ਥਾਵਾਂ 'ਤੇ 70 ਮੀਲ ਪ੍ਰਤੀ ਘੰਟੇ ਤੱਕ ਪਹੁੰਚ ਸਕਦੀਆਂ ਹਨ। ਇਸ ਨਾਲ ਉੱਤਰੀ ਸੈਕਰਾਮੈਂਟੋ ਅਤੇ ਸੀਅਰਾ ਤਲ ਦੇ ਨਾਲ-ਨਾਲ, ਬੇਅ ਏਰੀਆ ਅਤੇ ਲਾਸ ਏਂਜਲਸ ਤੱਕ ਖਤਰਾ ਪੈਦਾ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। 

ਜਲਵਾਯੂ ਮਾਹਰਾਂ ਅਨੁਸਾਰ ਸਮੁੰਦਰੀ ਕੰਢੇ  ਡਾਇਬਲੋ ਅਤੇ ਸੈਂਟਾ ਅਨਾ ਦੀਆਂ ਹਵਾਵਾਂ ਇਸ ਅੱਗ ਵਿਚ ਤੇਲ ਪਾਉਣ ਦਾ ਕੰਮ ਕਰ ਸਕਦੀਆਂ ਹਨ ਅਤੇ ਇਨ੍ਹਾਂ ਦੇ ਐਤਵਾਰ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਸੀ। ਕੈਲੀਫੋਰਨੀਆ ਫਾਇਰ ਵਿਭਾਗ ਅਨੁਸਾਰ ਇਸ ਨਾਲ 2017 ਵਰਗੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਦੋਂ ਭਾਰੀ ਜੰਗਲੀ ਅੱਗ ਨੇ ਉੱਤਰੀ ਖਾੜੀ ਵਿਚ ਹਜ਼ਾਰਾਂ ਘਰਾਂ ਨੂੰ ਤਬਾਹ ਕਰ ਦਿੱਤਾ ਸੀ ਅਤੇ ਦਰਜਨਾਂ ਲੋਕਾਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ : ਬੀ. ਸੀ. 'ਚ ਮੁੜ ਬਣੀ NDP ਦੀ ਸਰਕਾਰ, 8 ਨੇ ਪੰਜਾਬੀਆਂ ਨੇ ਜਿੱਤ ਦੇ ਝੰਡੇ ਗੱਡੇ

ਐਤਵਾਰ ਤੋਂ ਸ਼ੁਰੂ ਹੋ ਕੇ ਉੱਤਰੀ ਕੈਲੀਫੋਰਨੀਆ ਵਿਚ ਹਵਾਵਾਂ ਦੀ 40 ਤੋਂ 50 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਦੀ ਸੰਭਾਵਨਾ ਹੈ। ਮਾਹਰਾਂ ਅਨੁਸਾਰ ਸੋਮਵਾਰ ਤੱਕ, ਘੱਟ ਨਮੀ ਨਾਜ਼ੁਕ ਮੌਸਮ ਵਿਚ ਯੋਗਦਾਨ ਪਾਵੇਗੀ, ਜਿਸ ਨਾਲ ਅੱਗ ਦੀਆਂ ਲਾਟਾਂ ਨੂੰ ਤੇਜ਼ੀ ਨਾਲ ਫੈਲਣ ਵਿਚ ਸਹਾਇਤਾ ਮਿਲੇਗੀ ਅਤੇ ਇਹ ਖ਼ਤਰਾ ਮੰਗਲਵਾਰ ਤੱਕ ਜਾਰੀ ਰਹਿ ਸਕਦਾ ਹੈ। ਖਰਾਬ ਮੌਸਮ ਕਰਕੇ ਅੱਗ ਫੈਲਣ ਦੇ ਜ਼ਿਆਦਾ ਖ਼ਤਰੇ ਨੂੰ ਵੇਖਦਿਆਂ ਹੋਇਆ ਬਿਜਲੀ ਕੰਪਨੀ ਵੱਲੋਂ ਐਤਵਾਰ ਸਵੇਰ ਤੋਂ ਸ਼ੁਰੂ ਹੋ ਕੇ ਮੰਗਲਵਾਰ ਤੱਕ ਬਿਜਲੀ ਕੱਟ ਲਾਉਣ ਦੀ ਉਮੀਦ ਹੈ,ਜਿਸ ਨਾਲ ਕਿ 72,000 ਗਾਹਕਾਂ ਅਤੇ 38 ਕਾਉਂਟੀਆਂ ਦੇ ਪ੍ਰਭਾਵਿਤ ਹੋਣ ਦੀ ਉਮੀਦ ਹੈ। ਕੈਲੀਫੋਰਨੀਆ ਫਾਇਰ ਵਿਭਾਗ ਅਨੁਸਾਰ ਇਸ ਸਾਲ ਘੱਟੋ-ਘੱਟ 31 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਰਿਕਾਰਡ ਤੋੜ ਲੱਖਾਂ ਏਕੜ ਤਬਾਹ ਹੋ ਗਏ ਹਨ। ਇਸ ਅੱਗ ਨੂੰ ਕਾਬੂ ਕਰਨ ਲਈ ਸ਼ਨੀਵਾਰ ਤੱਕ ਰਾਜ ਭਰ ਵਿਚ 5,300 ਜਵਾਨ ਜੂਝ ਰਹੇ ਹਨ, ਉਹ 21 ਜੰਗਲੀ ਅੱਗਾਂ ਨਾਲ ਲੜ ਰਹੇ ਸਨ, ਜਿਨ੍ਹਾਂ ਵਿਚੋਂ 12 ਅੱਗਾਂ ਵੱਡੀਆਂ ਮੰਨੀਆਂ ਜਾ ਰਹੀਆਂ ਹਨ।
 


author

Lalita Mam

Content Editor

Related News