ਹੁਣ ਆਵੇਗਾ ''ਮਹਾਂ ਭੂਚਾਲ'' ! ਜਾਪਾਨ ''ਚ ਭੂਚਾਲ ਤੇ ਸੁਨਾਮੀ ਮਗਰੋਂ ਵਿਗਿਆਨੀਆਂ ਦੀ ਡਰਾਉਣੀ ਭਵਿੱਖਬਾਣੀ
Tuesday, Dec 09, 2025 - 11:10 AM (IST)
ਇੰਟਰਨੈਸ਼ਨਲ ਡੈਸਕ- ਜਾਪਾਨ 'ਚ 8 ਦਸੰਬਰ ਨੂੰ ਆਏ 7.5 ਤੀਬਰਤਾ ਦੇ ਭੂਚਾਲ ਕਾਰਨ ਪੂਰੇ ਦੇਸ਼ 'ਚ ਜਿੱਥੇ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ, ਉੱਥੇ ਹੀ ਹੁਣ ਅਧਿਕਾਰੀਆਂ ਨੇ ਇਕ ਹੋਰ ਡਰਾਉਣੀ ਖ਼ਬਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਲਾਕੇ 'ਚ ਹੁਣ ਇਕ ਮਹਾ-ਭੂਚਾਲ (ਮੈਗਾਕੁਏਕ) ਆ ਸਕਦਾ ਹੈ, ਜਿਸ ਦੇ ਲਈ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ ਇਹ ਚਿਤਾਵਨੀ ਜਾਰੀ ਕੀਤੀ ਹੈ।
ਸੋਮਵਾਰ ਰਾਤ ਆਏ ਇਸ ਭੂਚਾਲ ਦੇ ਕੇਂਦਰ ਅਓਮੋਰੀ ਪ੍ਰੀਫੈਕਚਰ ਦੇ ਪੂਰਬੀ ਤੱਟ 'ਤੇ ਦਰਜ ਕੀਤਾ ਗਿਆ ਸੀ। ਪਹਿਲਾਂ ਇਸ ਭੂਚਾਲ ਦੀ ਤੀਬਰਤਾ 7.6 ਦੱਸੀ ਜਾ ਰਹੀ ਸੀ, ਪਰ ਬਾਅਦ 'ਚ ਇਸ ਨੂੰ ਘਟਾ ਕੇ 7.5 ਕਰ ਦਿੱਤਾ ਗਿਆ ਸੀ। ਮੌਸਮ ਵਿਗਿਆਨ ਏਜੰਸੀ ਅਨੁਸਾਰ, ਇਸ ਸੰਭਾਵਿਤ 'ਮੈਗਾ ਕੁਏਕ' ਨਾਲ ਹੱਕਾਇਦੋ ਤੋਂ ਲੈ ਕੇ ਚੀਬਾ ਪ੍ਰੀਫੈਕਚਰ ਤੱਕ ਜਪਾਨ ਦੇ ਪ੍ਰਸ਼ਾਂਤ ਤੱਟ ਦੇ ਨਾਲ ਸੁਨਾਮੀ ਲਹਿਰਾਂ ਆ ਸਕਦੀਆਂ ਹਨ।
Potential megaquake alert issued after north Japan hit by 7.5 magnitude quake
— ANI Digital (@ani_digital) December 9, 2025
Read @ANI Story | https://t.co/9JlDvH36Al#Japan #Megaquake #earthquake pic.twitter.com/kJkpWqjAdc
ਇਸ ਅਲਰਟ ਮੁਤਾਬਕ ਲੋਕਾਂ ਨੂੰ ਪੂਰੇ ਹਫ਼ਤੇ ਦੌਰਾਨ ਚੌਕਸ ਰਹਿਣ ਲਈ ਕਿਹਾ ਗਿਆ ਹੈ। ਇਹ ਅਲਰਟ 2022 ਵਿੱਚ ਸ਼ੁਰੂ ਕੀਤੀ ਗਈ ਇਸ ਚਿਤਾਵਨੀ ਸ਼੍ਰੇਣੀ ਦੇ ਤਹਿਤ ਪਹਿਲੀ ਵਾਰ ਜਾਰੀ ਕੀਤਾ ਗਿਆ ਹੈ। ਪਹਿਲੇ ਭੂਚਾਲ ਕਾਰਨ ਅਓਮੋਰੀ ਵਿੱਚ 6 ਲੋਕ ਜ਼ਖਮੀ ਹੋਏ ਸਨ, ਜਦਕਿ ਇਵਾਤੇ, ਹੱਕਾਇਦੋ ਅਤੇ ਅਓਮੋਰੀ ਦੇ ਕਈ ਹਿੱਸਿਆਂ ਵਿੱਚ 40 ਤੋਂ 70 ਸੈਂਟੀਮੀਟਰ ਤੱਕ ਦੀਆਂ ਲਹਿਰਾਂ ਦੇਖੀਆਂ ਗਈਆਂ ਸਨ।
ਭੂਚਾਲ ਤੇ ਸੁਨਾਮੀ ਅਲਰਟ ਕਾਰਨ ਈਸਟ ਜਪਾਨ ਰੇਲਵੇ ਕੰਪਨੀ ਦੁਆਰਾ ਮੋਰਿਓਕਾ ਅਤੇ ਸ਼ਿਨ-ਅਓਮੋਰੀ ਸਟੇਸ਼ਨਾਂ ਵਿਚਕਾਰ ਤੋਹੋਕੂ ਸ਼ਿੰਕਾਨਸੇਨ ਬੁਲੇਟ ਟਰੇਨ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਪ੍ਰਧਾਨ ਮੰਤਰੀ ਸਨੇਈ ਤਾਕਾਈਚੀ ਨੇ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ ਉਹ ਸੁਨਾਮੀ ਅਤੇ ਰੈਸਕਿਊ ਦੇ ਆਦੇਸ਼ਾਂ ਬਾਰੇ ਤੁਰੰਤ ਜਾਣਕਾਰੀ ਪ੍ਰਦਾਨ ਕਰੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਸੰਕਟ ਪ੍ਰਬੰਧਨ ਕੇਂਦਰ ਵਿਖੇ ਇੱਕ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਸੀ।
