ਅਲਬਰਟਾ ''ਚ ਅਕਤੂਬਰ ਤੋਂ ਬਾਅਦ ਪਹਿਲੀ ਵਾਰ ਘਟੇ ਕੋਰੋਨਾ ਮਾਮਲੇ

01/20/2021 2:14:21 PM

ਐਡਮਿੰਟਨ- ਅਲਬਰਟਾ ਸੂਬੇ ਵਿਚ ਮੰਗਲਵਾਰ ਨੂੰ ਕੋਰੋਨਾ ਦੇ 456 ਮਾਮਲੇ ਦਰਜ ਹੋਏ ਹਨ। 28 ਅਕਤੂਬਰ ਤੋਂ ਬਾਅਦ ਪਹਿਲੀ ਵਾਰ ਇੰਨੇ ਘੱਟ ਮਾਮਲੇ ਦਰਜ ਹੋਏ ਹਨ। ਲੈਬ ਵਿਚ ਬੀਤੇ ਦਿਨ 8,200 ਲੋਕਾਂ ਦਾ ਕੋਰੋਨਾ ਟੈਸਟ ਹੋਇਆ ਤੇ ਇੱਥੇ ਕੋਰਨਾ ਮਾਮਲਿਆਂ ਦਾ ਪਾਜ਼ੀਟਿਵਿਟੀ ਰੇਟ 5.6 ਫ਼ੀਸਦੀ ਰਿਹਾ ਜੋ ਇਕ ਦਿਨ ਪਹਿਲਾਂ 5.4 ਫ਼ੀਸਦੀ ਸੀ। 

ਡਾਕਟਰ ਡੀਨਾ ਹਿਨਸ਼ਾਅ ਨੇ ਕਿਹਾ ਕਿ ਕੋਰੋਨਾ ਮਾਮਲਿਆਂ ਦੀ ਗਿਣਤੀ ਵੱਧ-ਘੱਟ ਰਹੀ ਹੈ। ਹਾਲਾਂਕਿ ਬੀਤੇ ਕੁਝ ਸਮੇਂ ਦੇ ਡਾਟਾ ਮੁਤਾਬਕ ਲੋਕਾਂ ਨੂੰ ਕੋਰੋਨਾ ਦੇ ਲੱਛਣ ਵੀ ਘੱਟ ਦਿਖਾਈ ਦੇ ਰਹੇ ਹਨ। ਇਸ ਸਮੇਂ 740 ਅਲਬਰਟਾ ਵਾਸੀ ਹਸਪਤਾਲਾਂ ਵਿਚ ਦਾਖ਼ਲ ਹਨ, ਜਿਨ੍ਹਾਂ ਵਿਚੋਂ 119 ਲੋਕ ਆਈ. ਸੀ. ਯੂ. ਵਿਚ ਹਨ। ਅਲਬਰਟਾ ਵਿਚ 16 ਹੋਰ ਲੋਕਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 1,463 ਹੋ ਗਈ ਹੈ। 

ਡਾਕਟਰ ਹਿਨਸ਼ਾਅ ਨੇ ਦੱਸਿਆ ਕਿ ਸੂਬੇ ਦੇ 147 ਸਕੂਲਾਂ ਵਿਚੋਂ 6 ਫ਼ੀਸਦੀ ਸਕੂਲਾਂ ਨੂੰ ਅਲਰਟ 'ਤੇ ਰੱਖਿਆ ਗਿਆ ਹੈ ਤੇ ਇਨ੍ਹਾਂ ਵਿਚੋਂ ਦੋ ਵਿਚ ਕੋਰੋਨਾ ਦੇ ਮਾਮਲੇ ਮਿਲੇ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਕੋਰੋਨਾ ਵੈਕਸੀਨ ਦੀ ਘਾਟ ਕਾਰਨ ਸੂਬੇ ਵਿਚ ਕਈ ਥਾਵਾਂ 'ਤੇ ਟੀਕਾਕਾਰਨ ਮੁਹਿੰਮ ਨੂੰ ਰੋਕ ਦਿੱਤਾ ਗਿਆ ਹੈ। ਬਹੁਤ ਸਾਰੇ ਲੋਕਾਂ ਨੂੰ ਕੋਰੋਨਾ ਦੀ ਦੂਜੀ ਖੁਰਾਕ ਲੈਣ ਲਈ 21 ਤੋਂ ਵਧੇਰੇ ਦਿਨਾਂ ਦਾ ਇੰਤਜ਼ਾਰ ਕਰਨਾ ਪੇਵਗਾ। ਫਾਈਜ਼ਰ ਵਲੋਂ ਕੋਰੋਨਾ ਟੀਕੇ ਭੇਜਣ ਵਿਚ 50 ਫ਼ੀਸਦੀ ਦੀ ਕਟੌਤੀ ਕਰ ਦਿੱਤੀ ਹੈ, ਜਿਸ ਕਾਰਨ ਕੈਨੇਡਾ ਵਿਚ ਟੀਕਾਕਰਨ ਮੁਹਿੰਮ ਰੁਕਣ ਲੱਗ ਗਈ ਹੈ। ਸਿਹਤ ਅਧਿਕਾਰੀਆਂ ਮੁਤਾਬਕ ਅਗਲੇ ਦੋ ਹਫ਼ਤਿਆਂ ਤੱਕ ਕੈਨੇਡਾ ਨੂੰ ਕੋਰੋਨਾ ਵੈਕਸੀਨ ਦੀਆਂ 1,71,000 ਖੁਰਾਕਾਂ ਮਿਲਣਗੀਆਂ ਜਦਕਿ ਪਹਿਲਾਂ 4,17,000 ਖੁਰਾਕਾਂ ਮਿਲਣ ਦੀ ਯੋਜਨਾ ਸੀ। 


Lalita Mam

Content Editor

Related News