USA ਤੋਂ ਇੰਗਲੈਂਡ ਭੇਜੀਆਂ ਜਾਣਗੀਆਂ ਦਹਾਕਿਆਂ ਤੋਂ ਪਹਿਲਾਂ ਚੋਰੀ ਹੋਈਆਂ ਪੁਰਾਣੀਆਂ ਚੀਜ਼ਾਂ

11/11/2020 10:31:11 AM

ਗਲਾਸਗੋ/ਲੰਡਨ, (ਮਨਦੀਪ ਖੁਰਮੀ)- ਦੂਜੀ ਵਿਸ਼ਵ ਜੰਗ ਦੇ ਕੋਡ-ਬ੍ਰੇਕਰ ਐਲਨ ਟਿਊਰਿੰਗ ਨਾਲ ਸਬੰਧਤ ਚੀਜ਼ਾਂ ਜੋ ਦਹਾਕਿਆਂ ਪਹਿਲਾਂ ਯੂ. ਕੇ. ਤੋਂ ਚੋਰੀ ਹੋਈਆਂ ਸਨ, ਨੂੰ ਹੁਣ ਯੂ. ਐੱਸ. ਏ. ਤੋਂ ਵਾਪਸ ਲਿਆਇਆ ਜਾਵੇਗਾ। ਐਲਨ ਡੋਰਸੈੱਟ ਦੇ ਸ਼ੇਰਬੋਰਨ ਸਕੂਲ ਦਾ ਵਿਦਿਆਰਥੀ ਸੀ ਅਤੇ ਉਸ ਦੀਆਂ ਕਾਫੀ ਚੀਜ਼ਾਂ 1965 ’ਚ ਟਿਊਰਿੰਗ ਪਰਿਵਾਰ ਵਲੋਂ ਸਕੂਲ ਨੂੰ ਦਿੱਤੀਆਂ ਗਈਆਂ ਸਨ। ਇਨ੍ਹਾਂ ਸਾਰੀਆਂ ਵਸਤਾਂ ’ਚੋਂ ਕੁਝ ਜੂਲੀਆ ਟਿਊਰਿੰਗ ਨੇ 1984 ਵਿਚ ਸਕੂਲ ਤੋਂ ਚੋਰੀ ਕਰ ਲਈਆਂ ਸਨ। 

ਗਣਿਤ ਦਾ ਇਕ ਛੋਟਾ ਓ. ਬੀ. ਈ. ਮੈਡਲ ਉਨ੍ਹਾਂ 17 ਚੀਜ਼ਾਂ ਵਿਚੋਂ ਇਕ ਹੈ । ਇਸ ਤੋਂ ਇਲਾਵਾ ਕਿੰਗ ਜਾਰਜ-VI ਵਲੋਂ ਟਿਊਰਿੰਗ ਨੂੰ ਇਕ ਪੱਤਰ ਭੇਜਿਆ ਗਿਆ ਸੀ, ਜਿਸ ਵਿਚ ਓ. ਬੀ. ਈ. ਸਨਮਾਨ, ਪ੍ਰਿੰਸਟਨ ਯੂਨੀਵਰਸਿਟੀ ਪੀ. ਐੱਚ. ਡੀ. ਸਰਟੀਫਿਕੇਟ, ਸਕੂਲ ਦੀਆਂ ਰਿਪੋਰਟਾਂ ਅਤੇ ਫੋਟੋਆਂ ਵੀ ਸ਼ਾਮਲ ਸਨ। ਕਈ ਦਹਾਕਿਆਂ ਬਾਅਦ ਇਹ ਚੀਜ਼ਾਂ 2018 ਵਿਚ ਅਮਰੀਕਾ ਦੇ ਕੋਲਰਾਡੋ ਵਿਚ ਉਸ ਦੇ ਘਰ ਤੋਂ ਮਿਲੀਆਂ ਹਨ। ਉਸ ਦੇ ਖ਼ਿਲਾਫ਼ ਸ਼ੁਰੂ ਕੀਤਾ ਗਿਆ ਇਕ ਯੂ. ਐੱਸ. ਸਿਵਲ ਕੋਰਟ ਦਾ ਕੇਸ ਅਦਾਲਤ ਤੋਂ ਬਾਹਰ ਸੁਲਝ ਗਿਆ ਹੈ ਅਤੇ ਇਹ ਚੀਜ਼ਾਂ ਹੁਣ ਵਾਪਸ ਕਰਨੀਆਂ ਹਨ।

ਮਿਸ ਟਿਊਰਿੰਗ ਨੇ ਐਲਨ ਦੇ ਇਕ ਰਿਸ਼ਤੇਦਾਰ ਹੋਣ ਦਾ ਦਾਅਵਾ ਕਰਦਿਆਂ, ਉਨ੍ਹਾਂ ਵਸਤਾਂ ਨੂੰ 2018 ਵਿਚ ਦੇ ਕੇ ਕੋਲੋਰਾਡੋ ਯੂਨੀਵਰਸਿਟੀ ਵਿਚ ਕਰਜ਼ਾ ਲੈਣ ਦੀ ਕੋਸ਼ਿਸ਼ ਕੀਤੀ ਸੀ। ਇਸ ਸਬੰਧੀ ਸੂਚਨਾ ਮਿਲਣ ’ਤੇ ਪੁਲਸ ਵਲੋਂ ਜਾਂਚ ਦੌਰਾਨ ਇਹ ਚੀਜ਼ਾਂ ਉਸ ਦੇ ਘਰੋਂ ਬਰਾਮਦ ਕੀਤੀਆਂ ਗਈਆਂ। ਇਸ ਸਬੰਧੀ ਸ਼ੇਰਬੋਰਨ ਸਕੂਲ ਦੀ ਆਰਕਾਈਵਿਸਟ ਰਾਚੇਲ ਹਸਾਲ ਨੇ ਦੱਸਿਆ ਕਿ ਹੋਮਲੈਂਡ ਸਕਿਓਰਟੀ ਇਨਵੈਸਟੀਗੇਸ਼ਨ ਵਲੋਂ ਪੁਸ਼ਟੀ ਕੀਤੀ ਗਈ ਹੈ ਕਿ ਇਹ ਚੀਜ਼ਾਂ ਸਕੂਲ ਨੂੰ ਵਾਪਸ ਕਰ ਦਿੱਤੀਆਂ ਜਾਣਗੀਆਂ। ਸਕੂਲ ਵਿਚ ਸਮੱਗਰੀ ਵਾਪਸ ਕਰਨ ਤੋਂ ਬਾਅਦ ਇਹ ਨਿੱਜੀ ਤੌਰ ’ਤੇ ਜਾਂ ਸਕੂਲ ਦੀ ਵੈੱਬਸਾਈਟ ’ਤੇ ਵੇਖਣ ਲਈ ਮੁਹੱਈਆ ਹੋਣਗੀਆਂ।

ਜਿਕਰਯੋਗ ਹੈ ਕਿ ਟਿਊਰਿੰਗ ਨੂੰ 20ਵੀਂ ਸਦੀ ਦੀ ਸਭ ਤੋਂ ‘ਆਈਕਾਨਿਕ’ ਸ਼ਖਸੀਅਤ ਕਿਹਾ ਗਿਆ ਹੈ ਅਤੇ ਉਹ ਬੈਂਕ ਆਫ ਇੰਗਲੈਂਡ ਦੇ 50 ਪੌਂਡ ਦੇ ਨੋਟ ਦੇ ਨਵੇਂ ਡਿਜ਼ਾਈਨ ’ਚ ਵੀ ਸ਼ਾਮਿਲ ਕੀਤਾ ਗਿਆ ਹੈ।


Lalita Mam

Content Editor

Related News