IS ''ਚ ਸ਼ਾਮਲ ਅਮਰੀਕੀ ਮੁਟਿਆਰ ਦੇ ਪਿਤਾ ਨੇ ਟਰੰਪ ''ਤੇ ਕੀਤਾ ਮੁਕੱਦਮਾ

02/23/2019 2:19:14 AM

ਵਾਸ਼ਿੰਗਟਨ—ਅੱਤਵਾਦੀ ਜਥੇਬੰਦੀ ਇਸਲਾਮਿਕ ਸਟੇਟ 'ਚ ਸ਼ਾਮਲ ਮੁਟਿਆਰ ਹੁਦਾ ਮੁਥਾਨਾ ਦੇ ਪਿਤਾ ਅਹਿਮਦ ਅਲੀ ਮੁਥਾਨਾ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਮੁਕੱਦਮਾ ਕੀਤਾ ਹੈ। ਅਹਿਮਦ ਦਾ ਕਹਿਣਾ ਹੈ ਕਿ ਉਹ ਆਪਣੀ ਬੇਟੀ ਨੂੰ ਵਾਪਸ ਅਮਰੀਕਾ ਲਿਆਉਣਾ ਚਾਹੁੰਦੇ ਹਨ ਪਰ ਟਰੰਪ ਪ੍ਰਸ਼ਾਸਨ ਨੇ ਉਸ ਨੂੰ ਅਮਰੀਕੀ ਨਾਗਰਿਕ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸੇ ਕਾਰਨ ਅਹਿਮਦ ਨੇ ਵੀਰਵਾਰ ਨੂੰ ਫੈਡਰਲ ਅਦਾਲਤ 'ਚ ਮੁਕੱਦਮਾ ਦਾਖਲ ਕੀਤਾ। ਉਨ੍ਹਾਂ ਕਿਹਾ ਕਿ ਅਮਰੀਕੀ ਸਰਕਾਰ ਗੈਰ ਕਾਨੂੰਨੀ ਤਰੀਕੇ ਨਾਲ ਹੁਦਾ ਦੀ ਨਾਗਰਿਕਤਾ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹੁਦਾ ਨਵੰਬਰ 2014 'ਚ ਆਈ.ਐੱਸ. 'ਚ ਸ਼ਾਮਲ ਹੋਣ ਲਈ ਅਲਬਾਮਾ ਤੋਂ ਭੱਜ ਕੇ ਸੀਰੀਆ ਪੁੱਜੀ ਸੀ। ਆਪਣੇ ਕੀਤੇ 'ਤੇ ਪਛਤਾਵਾ ਕਰਦਿਆਂ ਹੁਣ ਉਸ ਨੇ ਵਤਨ ਵਾਪਸੀ ਦੀ ਇੱਛਾ ਪ੍ਰਗਟਾਈ ਹੈ। ਪਰ ਟਰੰਪ ਨੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੂੰ ਹੁਦਾ ਦੀ ਵਾਪਸੀ ਰੋਕਣ ਦਾ ਨਿਰਦੇਸ਼ ਦਿੱਤਾ ਹੈ। ਪੋਂਪੀਓ ਨੇ ਵੀ ਹੁਦਾ ਨੂੰ ਅਮਰੀਕੀ ਨਾਗਰਿਕ ਮੰਨਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਸ ਨੂੰ ਦੁਬਾਰਾ ਇਥੇ ਨਹੀਂ ਆਉਣ ਦਿੱਤਾ ਜਾਵੇਗਾ। ਅਹਿਮਦ ਨੇ ਟਰੰਪ ਅਤੇ ਪੋਂਪੀਓ ਨਾਲ ਅਟਾਰਨੀ ਜਨਰਲ ਵਿਲੀਅਮ ਬਾਰ 'ਤੇ ਵੀ ਮੁਕੱਦਮਾ ਕੀਤਾ ਹੈ। ਆਪਣੀ ਪਟੀਸ਼ਨ 'ਚ ਅਹਿਮਦ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਉਹ ਸਰਕਾਰ ਨੂੰ ਵਿਵਾਦ ਖੇਤਰਾਂ ਤੋਂ ਆਪਣੇ ਨਾਗਰਿਕਾਂ ਨੂੰ ਵਾਪਸ ਬੁਲਾਉਣ ਦੀ ਜ਼ਿੰਮੇਵਾਰੀ ਲੈਣ ਨੂੰ ਕਹੇ।


Karan Kumar

Content Editor

Related News