ਮਿਆਂਮਾਰ ’ਚ ਹਵਾਈ ਹਮਲੇ, ਥਾਈਲੈਂਡ ਭੱਜੇ ਪ੍ਰਦਰਸ਼ਨਕਾਰੀ
Monday, Mar 29, 2021 - 03:18 PM (IST)
ਯੰਗੂਨ (ਏ. ਪੀ.) : ਤਖਤਾ ਪਲਟ ਕੇ ਮਿਆਂਮਾਰ ’ਚ ਫੌਜ ਵਲੋਂ ਸੱਤਾ ’ਤੇ ਕਬਜ਼ਾ ਕਰਨ ਤੋਂ ਬਾਅਦ ਉਥੇ ਆਮ ਲੋਕਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ, ਜਿਸ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਲੋਕਾਂ ’ਤੇ ਮਿਆਂਮਾਰ ਦੀ ਫੌਜ ਵਲੋਂ ਕੀਤੀ ਗਈ ਗੋਲੀਬਾਰੀ ’ਚ 114 ਲੋਕਾਂ ਮਾਰੇ ਗਏ ਸਨ। ਹੁਣ ਇਸ ਤੋਂ ਵੀ ਅੱਗੇ ਵਧਦਿਆਂ ਫੌਜ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਉਨ੍ਹਾਂ ’ਤੇ ਹਵਾਈ ਹਮਲੇ ਕਰ ਦਿੱਤੇ। ਇਨ੍ਹਾਂ ਹਵਾਈ ਹਮਲਿਆਂ ਤੋਂ ਬਚ ਕੇ ਕਾਰੇਨ ਜਾਤੀ ਸਮੂਹ ਦੇ ਲੱਗਭਗ 3000 ਦਿਹਾਤੀ ਗੁਆਂਢੀ ਦੇਸ਼ ਥਾਈਲੈਂਡ ਵੱਲ ਭੱਜਣ ਲਈ ਮਜਬੂਰ ਹੋ ਗਏ ਹਨ, ਜਿਸ ਕਰਕੇ ਥਾਈਲੈਂਡ ਦੇ ਅਧਿਕਾਰੀਆਂ ਨੇ ਸਰਹੱਦ ’ਤੇ ਚੌਕਸੀ ਵਧਾ ਦਿੱਤੀ ਹੈ।
ਸਥਾਨਕ ਮੀਡੀਆ ਦੀਆਂ ਖਬਰਾਂ ਮੁਤਾਬਕ ਮਿਆਂਮਾਰ ਦੇ ਦੱਖਣ-ਪੂਰਬੀ ਕਾਰੇਨ ਸੂਬੇ ਦੇ ਲੱਗਭਗ 3000 ਦਿਹਾਤੀਆਂ ’ਤੇ ਜਾਤੀ ਸਸ਼ਤਰ ਸਮੂਹ ਵਲੋਂ ਰੱਖੀ ਗਈ ਸੁਰੱਖਿਅਤ ਥਾਂ ’ਤੇ ਮਿਆਂਮਾਰ ਦੀ ਫੌਜ ਨੇ ਹਵਾਈ ਹਮਲਾ ਕੀਤਾ। ਦਿਹਾਤੀਆਂ ਨੂੰ ਇਲਾਜ ਅਤੇ ਹੋਰ ਮਨੁੱਖੀ ਰਾਹਤ ਪ੍ਰਦਾਨ ਕਰਨ ਵਾਲੀ ਏਜੰਸੀ ‘ਫ੍ਰੀ ਬਰਮਾ ਰੇਂਜਰਜ਼’ ਦੇ ਸੰਸਥਾਪਕ ਡੇਵਿਡ ਯੂਬੈਂਕ ਨੇ ਦੱਸਿਆ ਕਿ ਕਾਰੇਨ ਨੈਸ਼ਨਲ ਯੂਨੀਅਨ ਦੇ ਘੱਟ ਤੋਂ ਘੱਟ 2 ਫੌਜੀ ਇਸ ਹਮਲੇ ’ਚ ਮਾਰੇ ਗਏ ਹਨ। ਉਸ ਨੇ ਦੱਸਿਆ ਕਿ ਫੌਜ ਦੇ ਜਹਾਜ਼ਾਂ ਨੇ ਐਤਵਾਰ-ਸੋਮਵਾਰ ਦੀ ਦਰਮਿਆਨੀ ਰਾਤ ਤਿੰਨ ਹਵਾਈ ਹਮਲੇ ਕੀਤੇ।
ਇਕ ਨਾਗਰਿਕ ਸਮੂਹ ਨੇ ਦੱਸਿਆ ਕਿ ਸ਼ਨੀਵਾਰ ਨੂੰ ਫੌਜ ਦੇ ਇਕ ਹਵਾਈ ਹਮਲੇ ’ਚ ਕੇ. ਐੱਨ. ਯੂ. ਕੰਟਰੋਲਡ ਇਕ ਪਿੰਡ ’ਚ ਘੱਟ ਤੋਂ ਘੱਟ ਤਿੰਨ ਨਾਗਰਿਕ ਮਾਰੇ ਗਏ ਸਨ। ਮਿਲੀਸ਼ੀਆ ਨੇ ਪਹਿਲਾਂ ਕਿਹਾ ਸੀ ਕਿ ਉਸ ਸਰਹੱਦ ਕੋਲ ਇਕ ਫੌਜ ਦੀ ਚੌਕੀ ਡੇਗ ਦਿੱਤੀ ਹੈ, ਜਿਸ ਵਿਚ 10 ਲੋਕ ਮਾਰੇ ਗਏ ਹਨ। ਕੇ. ਐੱਨ. ਯੂ. ਨੇ 2015 ਵਿਚ ਸੰਘਰਸ਼ ਖਤਮ ਕਰਨ ਦੇ ਸਮਝੌਤੇ ’ਤੇ ਦਸਤਖਤ ਕੀਤੇ ਸਨ ਪਰ 1 ਫਰਵਰੀ ਨੂੰ ਫੌਜ ਨੇ ਆਂਗ ਸਾਨ ਸੂ ਦੀ ਲੋਕਤੰਤਰਿਕ ਸਰਕਾਰ ਡੇਗ ਦਿੱਤੀ ਸੀ, ਜਿਸ ਤੋਂ ਬਾਅਦ ਤਣਾਅ ਵਧ ਗਿਆ ਹੈ।