ਪੈਸਿਆਂ ਖ਼ਾਤਰ ''ਬੇਗ਼ਾਨੀ'' ਜੰਗ ਲੜਨ ਜਾ ਰਿਹਾ ਜਵਾਨ ਏਅਰਪੋਰਟ ਤੋਂ ਗ੍ਰਿਫ਼ਤਾਰ ! ਅਦਾਲਤ ਨੇ ਸੁਣਾਈ ਸਜ਼ਾ
Wednesday, Nov 25, 2026 - 11:56 AM (IST)
ਇੰਟਰਨੈਸ਼ਨਲ ਡੈਸਕ- ਰੂਸ-ਯੂਕ੍ਰੇਨ ਵਿਚਾਲੇ ਪਿਛਲੇ 5 ਸਾਲਾਂ ਤੋਂ ਚੱਲਦੀ ਆ ਰਹੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਇਸੇ ਜੰਗ ਨਾਲ ਜੁੜੀ ਹੋਈ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਦੱਖਣੀ ਅਫ਼ਰੀਕਾ ਦੀ ਇੱਕ ਅਦਾਲਤ ਨੇ ਮੰਗਲਵਾਰ ਨੂੰ ਯੂਕ੍ਰੇਨ ਖ਼ਿਲਾਫ਼ ਜੰਗ ਲੜਨ ਲਈ ਰੂਸ ਜਾਣ ਦੀ ਕੋਸ਼ਿਸ਼ ਕਰਨ ਵਾਲੇ ਜ਼ਿੰਬਾਬਵੇ ਦੇ ਇੱਕ ਨਾਗਰਿਕ ਤਫ਼ਾਦਜ਼ਵਾ ਸਿਥੋਲੇ ਨੂੰ ਦੋਸ਼ੀ ਠਹਿਰਾਉਂਦਿਆਂ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਹਾਲਾਂਕਿ, ਅਦਾਲਤ ਨੇ ਉਸ ਦੀ ਇਹ ਸਜ਼ਾ 5 ਸਾਲਾਂ ਲਈ ਮੁਅੱਤਲ ਰੱਖੀ ਹੈ, ਜਿਸ ਦਾ ਮਤਲਬ ਹੈ ਕਿ ਜੇਕਰ ਉਹ ਅਗਲੇ 5 ਸਾਲਾਂ ਦੌਰਾਨ ਮੁੜ ਅਜਿਹਾ ਅਪਰਾਧ ਕਰਦਾ ਹੈ, ਤਾਂ ਹੀ ਉਸ ਨੂੰ ਜੇਲ੍ਹ ਜਾਣਾ ਪਵੇਗਾ। ਸਜ਼ਾ ਦੇ ਨਾਲ ਹੀ ਉਸ ਨੂੰ ਵਾਪਸ ਜ਼ਿੰਬਾਬਵੇ ਡਿਪੋਰਟ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ।
ਇਹ ਵੀ ਪੜ੍ਹੋ- ਅਮਰੀਕਾ 'ਚ ਪੰਜਾਬੀ ਮੁੰਡੇ ਦੇ ਨਾਂ 'ਤੇ ਬਣਿਆ ਕਾਨੂੰਨ, 150 ਸਾਲ ਪੁਰਾਣੀ ਰਵਾਇਤ ਹੋਵੇਗੀ ਖ਼ਤਮ
24 ਸਾਲਾ ਸਿਥੋਲੇ ਨੇ ਅਦਾਲਤ 'ਚ ਸਰਕਾਰੀ ਵਕੀਲਾਂ ਨਾਲ ਹੋਏ ਸਮਝੌਤੇ ਤਹਿਤ 'ਵਿਦੇਸ਼ੀ ਫ਼ੌਜੀ ਸਹਾਇਤਾ ਰੈਗੂਲੇਸ਼ਨ ਐਕਟ' ਦੀ ਉਲੰਘਣਾ ਕਰਨ ਦਾ ਜੁਰਮ ਕਬੂਲ ਕਰ ਲਿਆ ਹੈ। ਇਹ ਕਾਨੂੰਨ ਵਿਦੇਸ਼ੀ ਨਾਗਰਿਕਾਂ 'ਤੇ ਵੀ ਲਾਗੂ ਹੁੰਦਾ ਹੈ ਅਤੇ ਕਿਰਾਏ ਦੇ ਜਵਾਨਾਂ ਦੀ ਭਰਤੀ ਜਾਂ ਟ੍ਰੇਨਿੰਗ 'ਤੇ ਵੀ ਰੋਕ ਲਗਾਉਂਦਾ ਹੈ। ਉਸ ਨੇ ਦੱਸਿਆ ਕਿ ਪੈਸਿਆਂ ਦੇ ਲਾਲਚ 'ਚ ਉਸ ਨੇ ਜ਼ਿੰਬਾਬਵੇ 'ਚ ਆਨਲਾਈਨ ਅਪਲਾਈ ਕੀਤਾ ਸੀ, ਜਿਸ ਤੋਂ ਬਾਅਦ 'ਅਲਬੀਨਾ' ਨਾਮਕ ਵਿਅਕਤੀ ਨੇ ਉਸ ਨਾਲ ਸੰਪਰਕ ਕਰਕੇ ਦੱਖਣੀ ਅਫ਼ਰੀਕਾ 'ਚ ਰਹਿਣ ਅਤੇ ਰੂਸ ਜਾਣ ਲਈ ਹਵਾਈ ਟਿਕਟ ਦਾ ਪ੍ਰਬੰਧ ਕੀਤਾ।
ਸਿਥੋਲੇ 4 ਨਵੰਬਰ ਨੂੰ ਕਾਨੂੰਨੀ ਤੌਰ 'ਤੇ ਦੱਖਣੀ ਅਫ਼ਰੀਕਾ ਆਇਆ ਸੀ ਅਤੇ 8 ਨਵੰਬਰ ਨੂੰ ਜੋਹਾਨਸਬਰਗ ਦੇ ਓ.ਆਰ. ਟੈਂਬੋ ਇੰਟਰਨੈਸ਼ਨਲ ਏਅਰਪੋਰਟ ਤੋਂ ਰੂਸ ਜਾਣ ਵਾਲੀ ਫਲਾਈਟ 'ਚ ਸਵਾਰ ਹੁੰਦੇ ਸਮੇਂ ਉਸ ਨੂੰ 8 ਹੋਰ ਵਿਅਕਤੀਆਂ ਸਣੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਸਿਥੋਲੇ ਦੇ ਨਾਲ 4 ਹੋਰ ਮੁਲਜ਼ਮਾਂ ਨੂੰ ਵੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਨ੍ਹਾਂ ਦੇ ਮਾਮਲੇ ਦੀ ਅਗਲੀ ਸੁਣਵਾਈ 1 ਦਸੰਬਰ ਨੂੰ ਹੋਵੇਗੀ।
ਜ਼ਿਕਰਯੋਗ ਹੈ ਕਿ ਰੂਸ ਵੱਲੋਂ ਯੂਕ੍ਰੇਨ ਜੰਗ ਲਈ ਜ਼ਿੰਬਾਬਵੇ, ਦੱਖਣੀ ਅਫ਼ਰੀਕਾ, ਕੀਨੀਆ, ਬੋਤਸਵਾਨਾ ਅਤੇ ਘਾਨਾ ਵਰਗੇ ਅਫ਼ਰੀਕੀ ਦੇਸ਼ਾਂ 'ਚੋਂ ਲੜਾਕਿਆਂ ਦੀ ਭਰਤੀ ਕੀਤੀ ਜਾ ਰਹੀ ਹੈ। ਜ਼ਿੰਬਾਬਵੇ ਦੇ ਅਧਿਕਾਰੀਆਂ ਨੇ ਮਾਰਚ 'ਚ ਖ਼ੁਲਾਸਾ ਕੀਤਾ ਸੀ ਕਿ ਯੂਕ੍ਰੇਨ ਜੰਗ ਵਿੱਚ ਹੁਣ ਤੱਕ ਉਨ੍ਹਾਂ ਦੇ 15 ਨਾਗਰਿਕ ਮਾਰੇ ਜਾ ਚੁੱਕੇ ਹਨ ਅਤੇ ਸਰਕਾਰ 66 ਹੋਰ ਨਾਗਰਿਕਾਂ ਦੀ ਵਾਪਸੀ ਲਈ ਯਤਨ ਕਰ ਰਹੀ ਹੈ।
ਇਹ ਵੀ ਪੜ੍ਹੋ- ਭਾਰਤ 'ਤੇ ਇਕ ਹੋਰ 'ਟੈਰਿਫ਼ ਬੰਬ' ਸੁੱਟਣ ਦੀ ਤਿਆਰੀ 'ਚ ਟਰੰਪ ! ਚੀਨ ਸਣੇ ਕਈ ਹੋਰ ਦੇਸ਼ ਵੀ ਰਾਡਾਰ 'ਤੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
