ਹਨੋਈ ਦੇ ਰੈਸਟੋਰੈਂਟ ''ਚ ਹੋਏ ਧਮਾਕੇ ''ਚ ਹੁਣ ਤੱਕ 6 ਲੋਕਾਂ ਦੀ ਮੌਤ, 14 ਤੋਂ ਵੱਧ ਜ਼ਖ਼ਮੀ
Tuesday, Nov 24, 2026 - 09:33 PM (IST)
ਹਨੋਈ : ਵੀਅਤਨਾਮ ਦੀ ਰਾਜਧਾਨੀ ਹਨੋਈ ਵਿੱਚ ਮੰਗਲਵਾਰ ਤੜਕੇ ਇੱਕ ਰੈਸਟੋਰੈਂਟ ਅੰਦਰ ਸ਼ੱਕੀ ਤੌਰ 'ਤੇ ਗੈਸ ਲੀਕ ਹੋਣ ਕਾਰਨ ਜ਼ਬਰਦਸਤ ਧਮਾਕਾ ਹੋ ਗਿਆ। ਇਸ ਦਰਦਨਾਕ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂਕਿ 14 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਧਮਾਕਾ ਇੰਨਾ ਭਿਆਨਕ ਸੀ ਕਿ ਰੈਸਟੋਰੈਂਟ ਦੀ ਇਮਾਰਤ ਦਾ ਇੱਕ ਹਿੱਸਾ ਢਹਿ-ਢੇਰੀ ਹੋ ਗਿਆ ਅਤੇ ਆਸ-ਪਾਸ ਦੇ ਘਰਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ।
ਰਿਪੋਰਟ ਮੁਤਾਬਕ, ਧਮਾਕੇ ਕਾਰਨ ਆਸ-ਪਾਸ ਦੀਆਂ ਇਮਾਰਤਾਂ ਹਿੱਲ ਗਈਆਂ, ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ, ਕੰਧਾਂ ਵਿੱਚ ਤਰੇੜਾਂ ਆ ਗਈਆਂ ਅਤੇ ਸੜਕ 'ਤੇ ਹਰ ਪਾਸੇ ਮਲਬਾ ਖਿੱਲਰ ਗਿਆ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਮਲਬੇ ਹੇਠ ਅਜੇ ਵੀ ਕਈ ਲੋਕ ਦੱਬੇ ਹੋ ਸਕਦੇ ਹਨ, ਕਿਉਂਕਿ ਹਾਦਸੇ ਵੇਲੇ ਰੈਸਟੋਰੈਂਟ ਵਿੱਚ ਕਾਫ਼ੀ ਭੀੜ ਸੀ।
ਪੁਲਸ ਅਤੇ ਰਾਹਤ ਟੀਮਾਂ ਵੱਲੋਂ ਮਲਬੇ ਹੇਠ ਦੱਬੇ ਲੋਕਾਂ ਦਾ ਪਤਾ ਲਗਾਉਣ ਲਈ ਵਿਸ਼ੇਸ਼ ਖੋਜੀ ਯੰਤਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਕੰਕਰੀਟ ਦੇ ਭਾਰੀ ਸਲੈਬ ਹਟਾਉਣ ਲਈ ਹਾਈਡ੍ਰੌਲਿਕ ਮਸ਼ੀਨਾਂ ਲਗਾਈਆਂ ਗਈਆਂ ਹਨ। ਅਧਿਕਾਰੀਆਂ ਨੇ ਸੁਰੱਖਿਆ ਦੇ ਮੱਦੇਨਜ਼ਰ ਆਸ-ਪਾਸ ਦੀਆਂ ਨੁਕਸਾਨੀਆਂ ਗਈਆਂ ਇਮਾਰਤਾਂ ਨੂੰ ਵੀ ਖ਼ਾਲੀ ਕਰਵਾ ਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਹੈ।
ਹਨੋਈ ਪੁਲਸ ਅਨੁਸਾਰ ਮਾਮਲੇ ਦੀ ਜਾਂਚ ਜਾਰੀ ਹੈ, ਪਰ ਮੁੱਢਲੀ ਜਾਂਚ ਵਿੱਚ ਗੈਸ ਲੀਕ ਹੋਣ ਕਾਰਨ ਇਮਾਰਤ ਦਾ ਹਿੱਸਾ ਡਿੱਗਣ ਦੀ ਗੱਲ ਸਾਹਮਣੇ ਆਈ ਹੈ। ਮੱਥੇ 'ਤੇ ਗੰਭੀਰ ਸੱਟ ਲੱਗਣ ਕਾਰਨ ਨਾਜ਼ੁਕ ਹਾਲਤ ਵਿੱਚ ਪਹੁੰਚੇ ਇੱਕ ਵਿਅਕਤੀ ਸਮੇਤ 14 ਤੋਂ ਵੱਧ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਹਾਦਸੇ ਦੇ ਨੇੜੇ ਰਹਿਣ ਵਾਲੀ 26 ਸਾਲਾ ਲਾਨ ਫੁਓਂਗ ਨੇ ਦੱਸਿਆ ਕਿ ਧਮਾਕੇ ਦੇ ਜ਼ੋਰਦਾਰ ਝਟਕੇ ਨਾਲ ਉਨ੍ਹਾਂ ਦੀ ਅਤੇ ਉਨ੍ਹਾਂ ਦੀ ਛੋਟੀ ਭੈਣ ਦੀ ਅੱਖ ਖੁੱਲ੍ਹ ਗਈ। ਧਮਾਕੇ ਦੀ ਤੀਬਰਤਾ ਕਾਰਨ ਉਨ੍ਹਾਂ ਦੇ ਘਰ ਦੀ ਬਾਲਕੋਨੀ ਦਾ ਦਰਵਾਜ਼ਾ ਉੱਖੜ ਕੇ ਕਰੀਬ ਤਿੰਨ ਮੀਟਰ ਦੂਰ ਜਾ ਡਿੱਗਿਆ। ਉਨ੍ਹਾਂ ਕਿਹਾ ਕਿ ਖ਼ੁਸ਼ਕਿਸਮਤੀ ਨਾਲ ਉਸ ਵੇਲੇ ਦੋਵੇਂ ਭੈਣਾਂ ਕੰਬਲ ਉੱਪਰ ਲੈ ਕੇ ਸੁੱਤੀਆਂ ਹੋਈਆਂ ਸਨ, ਜਿਸ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ, ਪਰ ਉਹ ਬੁਰੀ ਤਰ੍ਹਾਂ ਸਹਿਮ ਗਈਆਂ ਸਨ।
