ਰੂਸ ''ਚ ਐਮਰਜੈਂਸੀ ਲੈਂਡਿੰਗ ਦੌਰਾਨ ਦੋ ਪਾਇਲਟਾਂ ਦੀ ਮੌਤ, 7 ਜ਼ਖਮੀ
Thursday, Jun 27, 2019 - 11:30 AM (IST)

ਮਾਸਕੋ— ਰੂਸ 'ਚ ਬੁਰਤੀਆ ਦੇ ਨਿਜਹੇਨਿਨਗਾਰਸਕ ਹਵਾਈ ਅੱਡੇ 'ਤੇ ਵੀਰਵਾਰ ਨੂੰ ਇਕ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਦੌਰਾਨ ਦੋ ਪਾਇਲਟਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ। ਇਸ ਹਾਦਸੇ 'ਚ 42 ਯਾਤਰੀਆਂ ਨੂੰ ਬਚਾ ਲਿਆ ਗਿਆ ਹੈ। ਮੁੱਖ ਪ੍ਰੈੱਸ ਸਕੱਤਰ ਅਲੈਕਸੀ ਫਿਸ਼ੇਵ ਨੇ ਇਹ ਜਾਣਕਾਕੀ ਦਿੱਤੀ।
ਉਨ੍ਹਾਂ ਦੱਸਿਆ ਕਿ ਆਂਗਰਾ ਏਅਰਲਾਈਨਜ਼ ਦੇ ਏ. ਐੱਨ.-24 ਜਹਾਜ਼ ਨੇ ਨਿਜਹੇਨਿਨਗਾਰਸਕ ਹਵਾਈ ਅੱਡੇ ਤੋਂ ਤੜਕੇ ਉਲਾਨ-ਉਦੇ ਲਈ ਉਡਾਣ ਭਰੀ ਸੀ। ਉਡਾਣ ਭਰਨ ਦੇ ਤੁਰੰਤ ਬਾਅਦ ਹੀ ਜਹਾਜ਼ ਦਾ ਇੰਜਣ ਫੇਲ ਹੋ ਗਿਆ। ਕਰੂ ਮੈਂਬਰਾਂ ਨੇ ਜਹਾਜ਼ ਨੂੰ ਵਾਪਸ ਹਵਾਈ ਅੱਡੇ 'ਤੇ ਲਿਆਉਣ ਦਾ ਫੈਸਲਾ ਕੀਤਾ। ਸ਼ੁਰੂਆਤੀ ਸੂਚਨਾ ਮੁਤਾਬਕ ਐਮਰਜੈਂਸੀ ਲੈਂਡਿੰਗ ਦੌਰਾਨ ਜਹਾਜ਼ ਰਨਵੇਅ ਤੋਂ 100 ਮੀਟਰ ਅੱਗੇ ਨਿਕਲ ਗਿਆ ਅਤੇ ਇਕ ਪਿਊਰੀਫਿਕੇਸ਼ਨ ਫੈਸੀਲਿਟੀ ਨਾਲ ਟਕਰਾ ਗਿਆ, ਜਿਸ ਦੇ ਬਾਅਦ ਉਸ 'ਚ ਅੱਗ ਲੱਗ ਗਈ। ਇਸ ਹਾਦਸੇ 'ਚ ਦੋ ਪਾਇਲਟਾਂ ਦੀ ਮੌਤ ਹੋ ਗਈ ਅਤੇ ਹੋਰ 7 ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਬਚਾਅ ਕਰਮਚਾਰੀਆਂ ਨੇ ਇਕ ਬੱਚੇ ਸਮੇਤ 42 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ।