ਅਮਰੀਕਾ ''ਚ ਹਵਾਬਾਜ਼ੀ ਕੰਪਨੀਆਂ ਨੇ 1,500 ਤੋਂ ਵੱਧ ਉਡਾਣਾਂ ਕੀਤੀਆਂ ਰੱਦ

Friday, Jun 17, 2022 - 02:21 PM (IST)

ਅਮਰੀਕਾ ''ਚ ਹਵਾਬਾਜ਼ੀ ਕੰਪਨੀਆਂ ਨੇ 1,500 ਤੋਂ ਵੱਧ ਉਡਾਣਾਂ ਕੀਤੀਆਂ ਰੱਦ

ਵਾਸ਼ਿੰਗਟਨ (ਏਜੰਸੀ)- ਹਵਾਬਾਜ਼ੀ ਕੰਪਨੀਆਂ ਨੇ ਵੀਰਵਾਰ ਨੂੰ ਅਮਰੀਕਾ ਵਿੱਚ 1,500 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਹਨ। ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵੀਰਵਾਰ ਦਾ ਦਿਨ ਯਾਤਰਾ ਕਰਨ ਦੇ ਲਿਹਾਜ ਨਾਲ ਹੁਣ ਤੱਕ ਦੇ ਸਭ ਤੋਂ ਖ਼ਰਾਬ ਦਿਨਾਂ ਵਿਚੋਂ ਇਕ ਰਿਹਾ। ਨਿਗਰਾਨੀ ਸੇਵਾ FlightAware ਅਨੁਸਾਰ, ਨਿਊਯਾਰਕ ਦੇ ਲਾਗਾਰਡੀਆ ਹਵਾਈ ਅੱਡੇ 'ਤੇ ਇੱਕ ਤਿਹਾਈ ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਈਆਂ।

ਨਿਊਜਰਸੀ ਨੇੜੇ ਨੇਵਾਰਕ ਲਿਬਰਟੀ ਹਵਾਈ ਅੱਡੇ 'ਤੇ ਇਕ ਚੌਥਾਈ ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਕੁਝ ਹਫ਼ਤੇ ਪਹਿਲਾਂ, ਹਵਾਬਾਜ਼ੀ ਕੰਪਨੀਆਂ ਨੇ 'ਮੈਮੋਰੀਅਲ ਡੇ' ਵੀਕਐਂਡ ਦੇ ਆਸ-ਪਾਸ 5 ਦਿਨਾਂ ਦੀ ਮਿਆਦ ਵਿੱਚ ਲਗਭਗ 2,800 ਉਡਾਣਾਂ ਰੱਦ ਕਰ ਦਿੱਤੀਆਂ ਸਨ। ਹਵਾਬਾਜ਼ੀ ਕੰਪਨੀ ਦੇ ਮੁੱਖ ਕਾਰਜਕਾਰੀ ਪ੍ਰਬੰਧਕਾਂ ਨਾਲ ਅਮਰੀਕਾ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਪੀਟ ਬੁਟੀਗੀਗ ਨੇ ਇੱਕ ਆਨਲਾਈਨ ਮੀਟਿੰਗ ਕੀਤੀ।

ਬੁਟੀਗੀਗ ਨੇ ਐੱਨ.ਬੀ.ਸੀ. ਨਿਊਜ਼ ਨੂੰ ਦੱਸਿਆ, "ਮੈਂ ਉਨ੍ਹਾਂ ਨੂੰ ਦੱਸਿਆ ਕਿ ਇਹ ਇਕ ਅਜਿਹਾ ਸਮਾਂ ਹੈ, ਜਦੋਂ ਅਸੀਂ ਯਾਤਰੀਆਂ ਲਈ ਭਰੋਸੇਯੋਗ ਸੇਵਾ ਪ੍ਰਦਾਨ ਕਰਾਉਣ ਦੇ ਮਾਮਲੇ ਵਿਚ ਉਨ੍ਹਾਂ 'ਤੇ ਭਰੋਸਾ ਕਰ ਰਹੇ ਹਾਂ।" ਹਵਾਬਾਜ਼ੀ ਕੰਪਨੀਆਂ ਕਰਮਚਾਰੀਆਂ, ਖ਼ਾਸ ਤੌਰ 'ਤੇ ਪਾਇਲਟਾਂ ਦੀ ਕਮੀ ਨਾਲ ਜੂਝ ਰਹੀਆਂ ਹਨ, ਜਿਸ ਨਾਲ ਉਨ੍ਹਾਂ ਦੀਆਂ ਯੋਜਨਾਬੱਧ ਉਡਾਣਾਂ ਨੂੰ ਚਲਾਉਣ ਦੀ ਸਮਰੱਥਾ ਪ੍ਰਭਾਵਿਤ ਹੋ ਰਹੀ ਹੈ। ਪਾਇਲਟ ਯੂਨੀਅਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਕੰਪਨੀਆਂ ਉਨ੍ਹਾਂ ਪਾਇਲਟਾਂ ਦੇ ਸਥਾਨ 'ਤੇ ਹੋਰ ਪਾਇਲਟਾਂ ਨੂੰ ਨਿਯੁਕਤ ਕਰਨ ਦੀ ਪ੍ਰਕਿਰਿਆ ਵਿਚ ਹੌਲੀ ਰਹੀਆਂ ਹਨ, ਜੋ ਮਹਾਮਾਰੀ ਦੀ ਸ਼ੁਰੂਆਤ ਵਿੱਚ ਸੇਵਾਮੁਕਤ ਹੋਏ ਜਾਂ ਗੈਰਹਾਜ਼ਰ ਸਨ।


author

cherry

Content Editor

Related News