ਇਸ ਏਅਰ ਹੋਸਟੇਸ ਨੇ ਸੜਦੇ ਜਹਾਜ਼ ''ਚੋਂ ਬਾਹਰ ਸੁੱਟੇ ਯਾਤਰੀ, ਪੂਰੀ ਦੁਨੀਆ ਹੋ ਗਈ ਫੈਨ
Wednesday, May 08, 2019 - 08:10 PM (IST)

ਮਾਸਕੋ— ਰੂਸ ਜਹਾਜ਼ ਹਾਦਸੇ, ਜਿਸ 'ਚ 41 ਯਾਤਰੀਆਂ ਦੀ ਮੌਤ ਹੋ ਗਈ ਸੀ, ਤੋਂ ਬਾਅਦ ਇਕ ਏਅਰ ਹੋਸਟੇਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਏਅਰ ਹੋਸਟੇਸ ਤਤਯਾਨਾ ਨੇ ਅੱਗ ਦਾ ਗੋਲਾ ਬਣੇ ਜਹਾਜ਼ ਨੂੰ ਖਾਲੀ ਕਰਾਉਣ ਲਈ ਯਾਤਰੀਆਂ ਨੂੰ ਆਪਣੀ ਪੂਰੀ ਤਾਕਤ ਨਾਲ ਬਾਹਰ ਸੁੱਟਣਾ ਸ਼ੁਰੂ ਕਰ ਦਿੱਤਾ ਸੀ। ਇਥੋਂ ਤੱਕ ਕਿ ਉਨ੍ਹਾਂ ਨੇ ਕਈ ਯਾਤਰੀਆਂ ਨੂੰ ਕਾਲਰ ਤੋਂ ਫੜਿਆ ਤੇ ਉਨ੍ਹਾਂ ਨੂੰ ਜਹਾਜ਼ ਤੋਂ ਬਾਹਰ ਸੁੱਟ ਦਿੱਤਾ।
ਏਅਰ ਹੋਸਟੇਸ ਨੇ ਖੁਲਾਸਾ ਕੀਤਾ ਕਿ ਕਈ ਲੋਕ ਅੱਗ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਕੁਝ ਲੋਕ ਆਪਣੇ ਸਾਮਾਨ ਨੂੰ ਲਿਜਾਣ ਦੀ ਵੀ ਕੋਸ਼ਿ ਕਰ ਰਹੇ ਸਨ, ਜਿਸ ਨਾਲ ਰਾਸਤਾ ਬਲਾਕ ਹੋ ਰਿਹਾ ਸੀ। ਪਲੇਨ ਖਾਲੀ ਕਰਾਉਣ ਦੌਰਾਨ ਏਅਰ ਹੋਸਟੇਸ ਨੂੰ ਭੀੜ ਨੂੰ ਅੱਗੇ ਵਧਾਉਣ ਲਈ ਲੋਕਾਂ ਨੂੰ ਧੱਕੇ ਮਾਰਕੇ ਜਹਾਜ਼ ਤੋਂ ਬਾਹਰ ਕੱਢਣਾ ਪਿਆ। ਜਿਵੇਂ ਹੀ ਜਹਾਜ਼ ਰੁਕਿਆ, ਜਹਾਜ਼ ਨੂੰ ਖਾਲੀ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਸੀ। ਮੈਨੂੰ ਕੁਝ ਨਹੀਂ ਦਿਖ ਰਿਹਾ ਸੀ, ਮੈਂ ਬਸ ਉਨ੍ਹਾਂ ਨੂੰ ਦਰਵਾਜ਼ੇ ਤੋਂ ਬਾਹਰ ਸੁੱਟ ਰਹੀ ਸੀ ਤਾਂ ਕਿ ਰਸਤਾ ਜਾਮ ਨਾ ਹੋਵੇ। ਮੈਂ ਹਰੇਕ ਨੂੰ ਕਾਲਰ ਤੋਂ ਫੜ ਕੇ ਬਾਹਰ ਵੱਲ ਸੁੱਟ ਰਹੀ ਸੀ।
ਤਤਯਾਨਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਆਪਣੇ ਪੈਰ ਨਾਲ ਐਮਰਜੰਸੀ ਦਰਵਾਜ਼ਾ ਖੋਲਿਆ ਤਾਂ ਉਨ੍ਹਾਂ ਨੂੰ ਪਿੱਛਿਓਂ ਅੱਗ ਦਾ ਸ਼ੌਰ ਸੁਣਾਈ ਦਿੱਤਾ। ਉਨ੍ਹਾਂ ਕਿਹਾ ਕਿ ਸਭ ਕੁਝ ਇੰਨੀ ਜਲਦੀ ਹੋ ਰਿਹਾ ਸੀ ਕਿ ਕਾਲਾ ਧੂੰਆਂ ਹਰ ਪਾਸੇ ਫੈਲ ਗਿਆ। ਆਖਰੀ ਲਾਈਨ 'ਚ ਖੜੇ ਲੋਕ ਬਾਹਰ ਨਿਕਲਣ ਲਈ ਚੀਕਾਂ ਮਾਰ ਰਹੇ ਸਨ। ਹਰ ਕੋਈ ਆਪਣੀ ਸੀਟ ਤੋਂ ਛਾਲ ਮਾਰ ਕੇ ਅੱਗੇ ਵੱਲ ਦੌੜ ਰਿਹਾ ਸੀ।
ਜਹਾਜ਼ ਹਾਦਸੇ 'ਚ ਬਚੇ ਲੋਕ ਏਅਰ ਹੋਸਟੇਸ ਨੂੰ ਧੰਨਵਾਦ ਕਰ ਰਹੇ ਹਨ। ਹਾਦਸੇ 'ਚ ਬਚੇ ਡਿਮਿਤ੍ਰੀ ਖਲੋਬਨੀ ਕੋਵ ਨੇ ਕਿਹਾ ਕਿ ਮੈਂ ਭਗਵਾਨ ਤੇ ਏਅਰ ਹੋਸਟੇਸ ਨੂੰ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੈਨੂੰ ਬਚਾ ਲਿਆ। ਉਹ ਸਾਰਾ ਸਮਾਂ ਸਾਡੇ ਨਾਲ ਰਹਿ ਕੇ ਸਾਡੀ ਮਦਦ ਕਰਦੇ ਰਹੇ। ਲੋਕਾਂ ਨੂੰ ਧੂੰਏ ਨਾਲ ਭਰੇ ਕੈਬਿਨ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਰਹੇ। ਪਲੇਨ ਦੇ ਅੰਦਰ ਬਹੁਤ ਜ਼ਿਆਦਾ ਧੂੰਆ ਭਰ ਗਿਆ ਸੀ ਤੇ ਤਾਪਮਾਨ ਬਹੁਤ ਜ਼ਿਆਦਾ ਸੀ। ਇਸ ਵਿਚਾਲੇ ਇਕ ਯਾਤਰੀ ਨੂੰ ਲੋਕ ਕਸੂਰਵਾਰ ਠਹਿਰਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਕ ਵਿਅਕਤੀ ਨੇ ਆਪਣੇ ਸਾਮਾਨ ਨਾਲ ਬਹੁਤ ਦੇਰ ਤੱਕ ਰਸਤਾ ਰੋਕ ਰੱਖਿਆ ਸੀ। ਇਸ ਨਾਲ ਕਈ ਲੋਕ ਅੱਗ ਦੀ ਲਪੇਟ 'ਚ ਆ ਗਏ।