ਫਰਾਂਸ ''ਚ ਹਵਾਈ ਆਵਾਜਾਈ ਕੰਟਰੋਲਰਾਂ ਦੀ ਹੜਤਾਲ ਕਾਰਨ ਹਵਾਈ ਸੇਵਾ ਪ੍ਰਭਾਵਿਤ
Friday, Sep 16, 2022 - 05:44 PM (IST)
ਪੈਰਿਸ (ਏਜੰਸੀ) : ਤਨਖ਼ਾਹ ਅਤੇ ਭਰਤੀ ਦੇ ਮੁੱਦਿਆਂ ਨੂੰ ਲੈ ਕੇ ਫਰਾਂਸ ਦੇ ਏਅਰ ਟ੍ਰੈਫਿਕ ਕੰਟਰੋਲਰਾਂ ਵੱਲੋਂ ਸ਼ੁੱਕਰਵਾਰ ਨੂੰ ਬੁਲਾਈ ਗਈ ਹੜਤਾਲ ਕਾਰਨ ਕਈ ਘਰੇਲੂ ਅਤੇ ਕੁਝ ਅੰਤਰਰਾਸ਼ਟਰੀ ਉਡਾਣਾਂ ਨੂੰ ਰੱਦ ਕਰਨਾ ਪਿਆ। ਫਰਾਂਸ ਦੀ ਸ਼ਹਿਰੀ ਹਵਾਬਾਜ਼ੀ ਅਥਾਰਟੀ ਡੀ.ਜੀ.ਏ.ਸੀ. ਨੇ ਇੱਕ ਸਲਾਹ ਜਾਰੀ ਕੀਤੀ ਹੈ ਕਿ ਕਈ ਉਡਾਣਾਂ ਰੱਦ ਹੋਣ ਕਾਰਨ ਅਤੇ ਕਈ ਉਡਾਣਾਂ ਵਿਚ ਬਹੁਤ ਜ਼ਿਆਦਾ ਦੇਰੀ ਕਾਰਨ ਘਰੇਲੂ ਹਵਾਈ ਸੇਵਾ "ਬੁਰੀ ਤਰ੍ਹਾਂ ਪ੍ਰਭਾਵਿਤ" ਹੋਵੇਗੀ।
ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜੇ ਸੰਭਵ ਹੋਵੇ ਤਾਂ ਆਪਣੀ ਯਾਤਰਾ ਮੁਲਤਵੀ ਕਰ ਦੇਣ। ਏਅਰ ਫਰਾਂਸ ਨੇ ਕਿਹਾ ਕਿ ਉਸਨੇ ਆਪਣੀਆਂ 55 ਫ਼ੀਸਦੀ ਛੋਟੀਆਂ ਅਤੇ ਦਰਮਿਆਨੀ ਦੂਰੀ ਦੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ, ਜਦੋਂ ਕਿ ਲੰਬੀ ਦੂਰੀ ਦੀਆਂ 10 ਫ਼ੀਸਦੀ ਉਡਾਣਾਂ ਨੂੰ ਰੱਦ ਕੀਤਾ ਗਿਆ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਉਡਾਣਾਂ ਵਿਚ ਹੋਰ ਦੇਰੀ ਹੋਣ ਜਾਂ ਆਖਰੀ ਸਮੇਂ 'ਤੇ ਉਡਾਣਾਂ ਰੱਦ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
ਫਰਾਂਸ ਵਿੱਚ ਕੰਮ ਕਰ ਰਹੀ Ryanair, EasyJet ਅਤੇ Voloty ਨੇ ਵੀ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਫਰਾਂਸ ਦੀ ਏਅਰ ਟਰੈਫਿਕ ਕੰਟਰੋਲਰਾਂ ਦੀ ਮੁੱਖ ਯੂਨੀਅਨ SNCTA ਨੇ ਵਧਦੀ ਮਹਿੰਗਾਈ ਦਰਮਿਆਨ ਤਨਖ਼ਾਹਾਂ ਵਿੱਚ ਵਾਧੇ ਦੀ ਮੰਗ ਲਈ ਇੱਕ ਦਿਨ ਦੀ ਹੜਤਾਲ ਦਾ ਸੱਦਾ ਦਿੱਤਾ ਹੈ।