ਕੋਲੰਬੀਆ : ਉਡਾਣ ਭਰਦੇ ਕ੍ਰੈਸ਼ ਹੋ ਗਿਆ ਫੌਜੀ ਜਹਾਜ਼, ਸਵਾਰ ਸਨ 110 ਜਵਾਨ
Monday, Mar 23, 2026 - 11:00 PM (IST)
ਇੰਟਰਨੈਸ਼ਨਲ ਡੈਸਕ- ਕੋਲੰਬੀਆ ਦੇ ਦੱਖਣੀ ਹਿੱਸੇ ਤੋਂ ਇੱਕ ਬਹੁਤ ਹੀ ਮੰਦਭਾਗੀ ਅਤੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਹਵਾਈ ਸੈਨਾ ਦਾ ਇੱਕ ਲਾਕਹੀਡ ਮਾਰਟਿਨ ਹਰਕਿਊਲਿਸ C-130 ਫੌਜੀ ਜਹਾਜ਼ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਇਸ ਜਹਾਜ਼ ਵਿੱਚ 100 ਤੋਂ ਵੱਧ ਸੈਨਿਕ ਸਵਾਰ ਸਨ ਅਤੇ ਮੁੱਢਲੀਆਂ ਰਿਪੋਰਟਾਂ ਅਨੁਸਾਰ ਇਸ ਹਾਦਸੇ ਵਿੱਚ 110 ਸੈਨਿਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਟੇਕ-ਆਫ ਦੇ ਕੁਝ ਮਿੰਟਾਂ ਬਾਅਦ ਹੀ ਵਾਪਰਿਆ ਹਾਦਸਾ
ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਜਹਾਜ਼ ਨੇ ਪਿਊਰਟੋ ਲੈਗੁਈਜ਼ਾਮੋ (ਪੁਤੁਮਾਯੋ) ਇਲਾਕੇ ਤੋਂ ਉਡਾਣ ਭਰੀ ਸੀ। ਉਡਾਣ ਭਰਨ ਦੇ ਕੁਝ ਹੀ ਮਿੰਟਾਂ ਬਾਅਦ ਜਹਾਜ਼ ਅਚਾਨਕ ਹਾਦਸਾਗ੍ਰਸਤ ਹੋ ਕੇ ਡਿੱਗ ਗਿਆ। ਪ੍ਰਤੱਖਦਰਸ਼ੀਆਂ ਅਨੁਸਾਰ ਇਹ ਘਟਨਾ ਸ਼ਹਿਰੀ ਖੇਤਰ ਤੋਂ ਮਹਿਜ਼ 3 ਕਿਲੋਮੀਟਰ ਦੀ ਦੂਰੀ 'ਤੇ ਵਾਪਰੀ ਹੈ। ਹਾਦਸੇ ਤੋਂ ਤੁਰੰਤ ਬਾਅਦ ਜਹਾਜ਼ ਨੂੰ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਬਚਾਅ ਕਾਰਜਾਂ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਘਟਨਾ ਵਾਲੀ ਥਾਂ ਤੋਂ ਜੋ ਵੀਡੀਓਜ਼ ਸਾਹਮਣੇ ਆਈਆਂ ਹਨ, ਉਨ੍ਹਾਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਹੀ ਕੋਈ ਸੈਨਿਕ ਜ਼ਿੰਦਾ ਬਚਿਆ ਹੋਵੇ। ਫਿਲਹਾਲ ਫੌਜੀ ਅਤੇ ਰਾਹਤ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ।
🚨 BREAKING: A Colombian Air Force aircraft believed to be carrying around 100 people has crashed in Puerto Leguízamo.
— Breaking911 (@Breaking911) March 23, 2026
pic.twitter.com/NSUXtcvxDW
ਕੋਲੰਬੀਆ ਦੇ ਰੱਖਿਆ ਮੰਤਰੀ ਪੇਡਰੋ ਅਰਨੁਲਫੋ ਸਾਂਚੇਜ਼ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਅਧਿਕਾਰੀ ਤਕਨੀਕੀ ਖਰਾਬੀ ਜਾਂ ਮਨੁੱਖੀ ਗਲਤੀ ਸਮੇਤ ਹਰ ਪਹਿਲੂ ਤੋਂ ਜਾਂਚ ਕਰ ਰਹੇ ਹਨ। ਫਿਲਹਾਲ ਮ੍ਰਿਤਕਾਂ ਦੀ ਅਧਿਕਾਰਤ ਗਿਣਤੀ ਦੀ ਪੁਸ਼ਟੀ ਹੋਣੀ ਅਜੇ ਬਾਕੀ ਹੈ।
