ਨਾਸਾ ਦਾ ਬੀਮਾਰ ਪੁਲਾੜ ਯਾਤਰੀ 3 ਹੋਰ ਸਾਥੀਆਂ ਸਮੇਤ ਸਮੇਂ ਤੋਂ ਪਹਿਲਾਂ ਪ੍ਰਿਥਵੀ ’ਤੇ ਪਰਤਿਆ
Friday, Jan 16, 2026 - 08:31 AM (IST)
ਇੰਟਰਨੈਸ਼ਨਲ ਡੈਸਕ - ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ.ਐੱਸ.ਐੱਸ.) ਤੋਂ ਇਕ ਬੀਮਾਰ ਪੁਲਾੜ ਯਾਤਰੀ ਵੀਰਵਾਰ ਨੂੰ 3 ਹੋਰ ਸਾਥੀਆਂ ਨਾਲ ਪ੍ਰਿਥਵੀ ’ਤੇ ਪਰਤ ਆਇਆ। ਇਸ ਦੇ ਨਾਲ ਹੀ ਪੁਲਾੜ ਸਟੇਸ਼ਨ ਦਾ ਉਨ੍ਹਾਂ ਦਾ ਮਿਸ਼ਨ ਇਕ ਮਹੀਨੇ ਤੋਂ ਵੀ ਵੱਧ ਸਮਾਂ ਪਹਿਲਾਂ ਹੀ ਖਤਮ ਹੋ ਗਿਆ। ਸੂਤਰਾਂ ਦੀ ਮੰਨੀਏ ਤਾਂ ਸਿਹਤ ਕਾਰਨਾਂ ਨੂੰ ਲੈ ਕੇ ਪੁਲਾੜ ਯਾਤਰੀਆਂ ਨੂੰ ਪੁਲਾੜ ਸਟੇਸ਼ਨ ਤੋਂ ਵਾਪਸ ਧਰਤੀ ’ਤੇ ਲਿਆਉਣ ਦਾ ਨਾਸਾ ਦਾ ਇਹ ਪਹਿਲਾ ਅਭਿਆਨ ਸੀ। ਇਨ੍ਹਾਂ ਪੁਲਾੜ ਯਾਤਰੀਆਂ ਦੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਬਾਹਰ ਨਿਕਲਣ ਦੇ 11 ਘੰਟੇ ਬਾਅਦ, ‘ਸਪੇਸ-ਐਕਸ’ ਨੇ ਕੈਪਸੂਲ ਨੂੰ ਸੈਨ ਡਿਏਗੋ ਦੇ ਨੇੜੇ ਪ੍ਰਸ਼ਾਂਤ ਮਹਾਸਾਗਰ ’ਚ ਅੱਧੀ ਰਾਤ ਨੂੰ ਸਫਲਤਾਪੂਰਵਕ ਉਤਾਰਿਆ।
ਇਸ ਦੌਰਾਨ ਅਗਸਤ ਵਿਚ ਸ਼ੁਰੂ ਹੋਏ ਇਸ ਮਿਸ਼ਨ ਦਾ ਇਹ ਅਚਾਨਕ ਅੰਤ ਸੀ, ਜਿਸ ਤੋਂ ਬਾਅਦ ਆਈ.ਐੱਸ.ਐੱਸ. ਵਿਚ ਹੁਣ ਸਿਰਫ਼ ਇਕ ਅਮਰੀਕੀ ਅਤੇ 2 ਰੂਸੀ ਪੁਲਾੜ ਯਾਤਰੀ ਹੀ ਰਹਿ ਗਏ ਹਨ। ਨਾਸਾ ਅਤੇ ਸਪੇਸ-ਐਕਸ ਨੇ ਕਿਹਾ ਕਿ ਉਹ 4 ਮੈਂਬਰੀ ਨਵੇਂ ਦਲ ਨੂੰ ਪੁਲਾੜ ਵਿਚ ਭੇਜਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਨਗੇ। ਫਿਲਹਾਲ, ਇਸ ਲਈ ਫਰਵਰੀ ਦੇ ਅੱਧ ਦਾ ਸਮਾਂ ਮਿੱਥਿਆ ਗਿਆ ਹੈ।
