ਸਿਗਰਟ ਤੋਂ ਜ਼ਿਆਦਾ ਖਤਰਨਾਕ ਹੈ ਅਗਰਬੱਤੀ ਦਾ ਧੂੰਆਂ, ਹੋ ਸਕਦੈ ਕੈਂਸਰ
Saturday, Feb 03, 2018 - 08:50 AM (IST)

ਬੀਜਿੰਗ— ਪੂਜਾ-ਪਾਠ ਅਤੇ ਧਾਰਮਿਕ ਕਾਰਜਾਂ ਵਿਚ ਅਗਰਬੱਤੀ ਦੀ ਵਰਤੋਂ ਜ਼ਰੂਰ ਕੀਤੀ ਜਾਂਦੀ ਹੈ। ਅਗਰਬੱਤੀ ਨੂੰ ਨਾ ਸਿਰਫ ਅਧਿਆਤਮਿਕਤਾ ਦਾ, ਸਗੋਂ ਸ਼ਾਂਤੀ ਤੇ ਸ਼ੁੱਧਤਾ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਹੋ ਸਕਦਾ ਹੈ ਕਿ ਅਗਰਬੱਤੀ ਦੇ ਬਲਣ 'ਤੇ ਨਿਕਲਣ ਵਾਲੀ ਖੁਸ਼ਬੂ ਤੁਹਾਨੂੰ ਬਹੁਤ ਪਸੰਦ ਹੋਵੇ ਅਤੇ ਤੁਹਾਨੂੰ ਸਕੂਨ ਦਿੰਦੀ ਹੋਵੇ ਪਰ ਅਸਲੀਅਤ ਇਹ ਹੈ ਕਿ ਇਸ ਵਿਚੋਂ ਨਿਕਲਣ ਵਾਲਾ ਧੂੰਆਂ ਸਿਗਰਟ ਦੇ ਧੂੰਏਂ ਤੋਂ ਵੀ ਜ਼ਿਆਦਾ ਖਤਰਨਾਕ ਹੈ। ਇਕ ਅਧਿਐਨ ਵਿਚ ਇਸ ਗੱਲ ਦਾ ਖੁਲਾਸਾ ਹੋਇਆ ਹੈ।
ਇਕ ਚੀਨੀ ਅਧਿਐਨ ਅਨੁਸਾਰ ਜਦੋਂ ਅਗਰਬੱਤੀ ਬਾਲੀ ਜਾਂਦੀ ਹੈ ਤਾਂ ਉਸ ਦੇ ਧੂੰਏਂ ਨਾਲ ਬਾਰੀਕ ਕਣ ਨਿਕਲਦੇ ਹਨ, ਜੋ ਹਵਾ ਵਿਚ ਘੁਲ-ਮਿਲ ਜਾਂਦੇ ਹਨ। ਇਹ ਜ਼ਹਿਰੀਲੇ ਕਣ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਅਧਿਐਨ ਵਿਚ ਇਹ ਗੱਲ ਸਾਬਿਤ ਹੋਈ ਹੈ ਕਿ ਖੁਸ਼ਬੂਦਾਰ ਅਗਰਬੱਤੀ ਦੇ ਧੂੰਏਂ ਵਿਚ 3 ਤਰ੍ਹਾਂ ਦੇ ਜ਼ਹਿਰੀਲੇ ਤੱਤ ਹੁੰਦੇ ਹਨ, ਜਿਨ੍ਹਾਂ ਨਾਲ ਕੈਂਸਰ ਹੋਣ ਦਾ ਖਤਰਾ ਹੁੰਦਾ ਹੈ। ਇਹ ਜ਼ਹਿਰੀਲੇ ਤੱਤ ਹਨ—ਮਿਊਟਾਜੈਨਿਕ, ਜੀਨੋਟਾਕਸਿਕ ਤੇ ਸਾਈਟੋਟਾਕਸਿਕ। ਇਸ ਲਈ ਅਗਰਬੱਤੀ ਦੇ ਧੂੰਏਂ ਨਾਲ ਸਰੀਰ ਵਿਚ ਮੌਜੂਦ ਜੀਨ ਦਾ ਰੂਪ ਬਦਲ ਜਾਂਦਾ ਹੈ, ਜੋ ਕੈਂਸਰ ਤੇ ਫੇਫੜਿਆਂ ਨਾਲ ਜੁੜੀਆਂ ਬੀਮਾਰੀਆਂ ਹੋਣ ਦੀ ਪਹਿਲੀ ਸਟੇਜ ਹੈ।
ਇਸ ਧੂੰਏਂ ਨੂੰ ਜਦੋਂ ਅਸੀਂ ਸਾਹ ਨਾਲ ਅੰਦਰ ਲੈਂਦੇ ਹਾਂ ਤਾਂ ਉਹ ਸਾਡੇ ਫੇਫੜਿਆਂ ਤਕ ਪਹੁੰਚ ਕੇ ਫੇਫੜਿਆਂ ਵਿਚ ਜਲਨ, ਉਤੇਜਨਾ ਤੇ ਰਿਐਕਸ਼ਨ ਪੈਦਾ ਕਰ ਸਕਦਾ ਹੈ।