ਅਮਰੀਕਾ : ਫਲੋਰੈਂਸ ਤੂਫਾਨ 'ਚ ਚਿੜੀਆਘਰ 'ਚੋਂ ਗਾਇਬ ਹੋਏ 38 ਜ਼ਹਿਰੀਲੇ ਸੱਪ, ਅਲਰਟ ਜਾਰੀ
Sunday, Sep 16, 2018 - 05:22 PM (IST)

ਨਿਊਯਾਰਕ— ਅਮਰੀਕਾ ਦੇ ਉੱਤਰੀ ਕੈਰੋਲੀਨਾ 'ਚ ਪਹੁੰਚੇ ਫਲੋਰੈਂਸ ਤੂਫਾਨ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 11 ਹੋ ਗਈ ਹੈ। ਜਿਥੇ ਇਲਾਕੇ 'ਚ ਤੂਫਾਨ ਨੇ ਭਾਰੀ ਤਬਾਹੀ ਮਚਾਈ ਉਥੇ ਹੀ ਇਲਾਕੇ 'ਚ ਹੁਣ ਜ਼ਹਿਰੀਲੇ ਸੱਪਾਂ ਦਾ ਖਤਰਾ ਪੈਦਾ ਹੋ ਗਿਆ ਹੈ। ਤੂਫਾਨ 'ਚ ਫਸੇ ਸੈਂਕੜੇ ਲੋਕਾਂ ਨੂੰ ਕੱਢਣ ਲਈ ਸ਼ਨੀਵਾਰ ਨੂੰ ਨੇਵੀ, ਕੋਸਟਗਾਰਡ ਬਲਾਂ ਤੇ ਬਚਾਅ ਕਰਮਚਾਰੀਆਂ ਨੇ ਹੈਲੀਕਾਪਟਰ, ਕਿਸ਼ਤੀਆਂ ਤੇ ਭਾਰੀ ਵਾਹਨਾਂ ਦੀ ਮਦਦ ਲਈ। ਉੱਤਰੀ ਕੈਰੋਲੀਨਾ 'ਚ ਹੋਰ ਹੜ੍ਹ ਆ ਸਕਦਾ ਹੈ ਜੋ ਕਿ ਕਿਤੇ ਜ਼ਿਆਦਾ ਵਿਨਾਸ਼ਕਾਰੀ ਸਾਬਿਤ ਹੋ ਸਕਦਾ ਹੈ।
ਇਥੇ ਇਕ ਸਥਾਨਕ ਚਿੜੀਆਘਰ ਨੇ ਲੋਕਾਂ ਨੂੰ ਸੂਚਨਾ ਦਿੱਤੀ ਹੈ ਕਿ ਉਹ ਆਪਣੇ ਘਰਾਂ 'ਚ ਤੇ ਬਾਹਰ ਘੁੰਮਣ ਸਮੇਂ ਸਾਵਧਾਨ ਰਹਿਣ ਕਿਉਂਕਿ ਤੂਫਾਨ ਤੇ ਭਾਰੀ ਵਰਖਾ ਤੋਂ ਬਾਅਦ ਚਿੜੀਆਘਰ 'ਚੋਂ 38 ਸੱਪ ਗਾਇਬ ਹੋ ਗਏ ਹਨ। ਖਦਸ਼ਾ ਹੈ ਕਿ ਇਹ ਹੁਣ ਪਾਣੀ ਦੇ ਨਾਲ ਸ਼ਹਿਰ 'ਚ ਪਹੁੰਚ ਗਏ ਹਨ। ਜੋ ਸੱਪ ਗਾਇਬ ਹੋਏ ਹਨ ਉਨ੍ਹਾਂ 'ਚ ਵਾਈਪਰ ਤੇ ਕਾਟਨਮਾਊਥ ਸੱਪ ਸ਼ਾਮਲ ਹਨ। ਇਹ ਦੋਵੇਂ ਹੀ ਬਹੁਤ ਜ਼ਹਿਰੀਲੇ ਸੱਪ ਹਨ। ਸਟ੍ਰੀਟ ਹਸਪਤਾਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਸੱਪ ਦੇ ਕੱਟਣ 'ਤੇ ਟਿਸ਼ੂ ਨਸ਼ਟ ਹੋਣ ਲੱਗਦੇ ਹਨ ਤੇ ਤੇਜ਼ੀ ਨਾਲ ਬਲੀਡਿੰਗ ਹੁੰਦੀ ਹੈ, ਜੋ ਕਿ ਮੌਤ ਦਾ ਕਾਰਨ ਬਣ ਸਕਦਾ ਹੈ।