ਗੋਲਡੀ ਬਰਾੜ ਤੋਂ ਬਾਅਦ ਭਾਰਤੀ ਏਜੰਸੀਆਂ ਦੀ ਨਜ਼ਰ ਕੈਨੇਡਾ ’ਚ ਬੈਠੇ ਹੋਰ ਗੈਂਗਸਟਰਾਂ ਵੱਲ
Saturday, Dec 03, 2022 - 08:42 AM (IST)

ਜਲੰਧਰ (ਧਵਨ) : ਕੈਲੀਫੋਰਨੀਆ ਪੁਲਸ ਵੱਲੋਂ ਗੈਂਗਸਟਰ ਗੋਲਡੀ ਬਰਾੜ ਨੂੰ ਹਿਰਾਸਤ ’ਚ ਲਏ ਜਾਣ ਤੋਂ ਬਾਅਦ ਹੁਣ ਭਾਰਤੀ ਏਜੰਸੀਆਂ ਦੀ ਨਜ਼ਰ ਕੈਨੇਡਾ ’ਚ ਬੈਠੇ ਹੋਰ ਗੈਂਗਸਟਰਾਂ ਵੱਲ ਹੈ। ਸੁਰੱਖਿਆ ਮਾਮਲਿਆਂ ਨਾਲ ਸਬੰਧਤ ਅਧਿਕਾਰੀਆਂ ਦਾ ਮੰਨਣਾ ਹੈ ਕਿ ਪੰਜਾਬ ਪੁਲਸ ਤੇ ਕੇਂਦਰੀ ਏਜੰਸੀਆਂ ਕੈਨੇਡਾ ਵਿਚ ਬੈਠੇ ਕਈ ਹੋਰ ਗੈਂਗਸਟਰਾਂ ਜਿਵੇਂ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ, ਲਖਬੀਰ ਸਿੰਘ ਉਰਫ ਲੰਡਾ, ਰਮਨਦੀਪ ਸਿੰਘ ਉਰਫ ਰਮਨ ਜੱਜ, ਗੁਰਪਿੰਦਰ ਸਿੰਘ ਉਰਫ ਬਾਬਾ ਡੱਲਾ ਤੇ ਸੁਖਦੁਲ ਸਿੰਘ ਉਰਫ ਸੁੱਖਾ ਦੂਨੇਕੇ ’ਤੇ ਨਜ਼ਰ ਰੱਖ ਰਹੀਆਂ ਹਨ। ਪੰਜਾਬ ਪੁਲਸ ਸਮੇਤ ਕਈ ਕੇਂਦਰੀ ਏਜੰਸੀਆਂ ਉਨ੍ਹਾਂ ਦੀ ਭਾਲ ਕਰ ਰਹੀਆਂ ਹਨ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਇੰਡ ਗੋਲਡੀ ਬਰਾੜ ਗ੍ਰਿਫਤਾਰ !
ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਤੋਂ ਬਾਅਦ ਭਾਰਤੀ ਜਾਂਚ ਏਜੰਸੀ (ਐੱਨ.ਆਈ.ਏ.) ਇਸ ਮਾਮਲੇ ਵਿਚ ਹੋਰ ਜਾਣਕਾਰੀ ਲੈਣ ਲਈ ਅਮਰੀਕੀ ਅਧਿਕਾਰੀਆਂ ਨਾਲ ਸੰਪਰਕ ਕਰੇਗੀ। ਗੋਲਡੀ ਬਰਾੜ ਦੀ ਹਵਾਲਗੀ ਨੂੰ ਲੈ ਕੇ ਹੁਣ ਸੁਰੱਖਿਆ ਏਜੰਸੀਆਂ ਨੇ ਵਿਦੇਸ਼ ਮੰਤਰਾਲਾ ਰਾਹੀਂ ਯਤਨ ਸ਼ੁਰੂ ਕਰ ਦਿੱਤੇ ਹਨ। ਸੁਰੱਖਿਆ ਅਧਿਕਾਰੀਆਂ ਦਾ ਮੰਨਣਾ ਹੈ ਕਿ ਵਿਦੇਸ਼ਾਂ ’ਚ ਬੈਠੇ ਗੈਂਗਸਟਰਾਂ ਨੂੰ ਵਾਪਸ ਲਿਆ ਕੇ ਪੁੱਛਗਿੱਛ ਕਰਨ ਨਾਲ ਵੱਡੀ ਸਾਜ਼ਿਸ਼ ਦਾ ਪਰਦਾਫਾਸ਼ ਹੋਵੇਗਾ, ਕਿਉਂਕਿ ਕਾਂਟ੍ਰੈਕਟ ਕਿਲਿੰਗ ਅਤੇ ਪਾਕਿਸਤਾਨ ਤੋਂ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਦੇ ਮਾਮਲਿਆਂ ਦਾ ਵੀ ਪਰਦਾਫਾਸ਼ ਕਰਨ ਦੀ ਲੋੜ ਹੈ। ਚਿੰਤਾ ਦੀ ਗੱਲ ਹੈ ਕਿ ਇਨ੍ਹਾਂ ਗੈਂਗਸਟਰਾਂ ਕੋਲ ਏ.ਕੇ.-47 ਰਾਈਫਲਾਂ ਤੇ ਗ੍ਰੇਨੇਡ ਵਰਗੇ ਅਤਿ-ਆਧੁਨਿਕ ਖਤਰਨਾਕ ਆਟੋਮੈਟਿਕ ਹਥਿਆਰ ਹਨ। ਦੂਜੇ ਪਾਸੇ ਮੁਕਤਸਰ ਵਿਚ ਗੈਂਗਸਟਰ ਗੋਲਡੀ ਬਰਾੜ ਦੀ ਰਿਹਾਇਸ਼ ਦੇ ਆਲੇ-ਦੁਆਲੇ ਸੰਨਾਟਾ ਛਾਇਆ ਹੋਇਆ ਹੈ।
ਇਹ ਵੀ ਪੜ੍ਹੋ: ਭਾਰਤੀ-ਅਮਰੀਕੀ ਮਾਡਲ ਦਾ ਵਾਰਾਣਸੀ ਸ਼ਹਿਰ 'ਤੇ ਵਿਵਾਦਿਤ ਬਿਆਨ, ਫਿਰ ਲਿਆ ਯੂ-ਟਰਨ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।