ਅਮਰੀਕਾ ਤੋਂ ਬਾਅਦ ਹੁਣ ਬ੍ਰਿਟੇਨ ’ਚ ਨਜ਼ਰ ਆਏ ਰਹੱਸਮਈ ਡਰੋਨ
Sunday, Dec 15, 2024 - 08:43 AM (IST)
ਲੰਡਨ (ਯੂ. ਐੱਨ. ਆਈ.) : ਬ੍ਰਿਟੇਨ ਦੇ ਇਕ ਮਿਲਟਰੀ ਏਅਰਬੇਸ ਨੇੜੇ ਅਸਮਾਨ ’ਚ ਰਹੱਸਮਈ ਡਰੋਨ ਦਿਖਾਈ ਦਿੱਤੇ ਹਨ। ਪਿਛਲੇ ਬੁੱਧਵਾਰ ਨੂੰ ਅਜਿਹੇ ਹੀ ਡਰੋਨ ਅਮਰੀਕਾ ਦੇ ਨਿਊਜਰਸੀ ’ਚ ਵੀ ਦੇਖੇ ਗਏ ਸਨ। ਲਗਾਤਾਰ ਅਜਿਹੀਆਂ ਕਈ ਘਟਨਾਵਾਂ ਤੋਂ ਬਾਅਦ ਯੂ. ਐੱਫ. ਓ. ਨੂੰ ਲੈ ਕੇ ਗਲੋਬਲ ਅਲਾਰਮ ਜਾਰੀ ਕੀਤਾ ਗਿਆ ਹੈ। ਹਾਲਾਂਕਿ, ਮਾਹਿਰਾਂ ਨੇ ਖ਼ਦਸ਼ਾ ਜਤਾਇਆ ਹੈ ਕਿ ਇਹ ਰੂਸ, ਈਰਾਨ ਜਾਂ ਚੀਨ ਵੱਲੋਂ ਕਿਸੇ ਵੱਡੇ ਹਮਲੇ ਦੀ ਰਿਹਰਸਲ ਹੋ ਸਕਦੀ ਹੈ। ਤਾਜ਼ਾ ਫੁਟੇਜ 4 ਡਰੋਨਾਂ ਦੀ ਹੈ, ਜੋ ਰਾਇਲ ਏਅਰਫੋਰਸ ਦੇ ਅੱਡੇ ਲਾਕੇਨਹੀਥ ਦੇ ਅਸਮਾਨ ’ਤੇ ਦਿਖਾਈ ਦਿੱਤੇ।
ਅਮਰੀਕਾ ਨੇ ਪ੍ਰਮਾਣੂ ਹਥਿਆਰ ਕੀਤੇ ਤਾਇਨਾਤ
ਖਬਰ ਹੈ ਕਿ ਨਿਊਜਰਸੀ ’ਚ ਸ਼ੱਕੀ ਡਰੋਨ ਦੇਖੇ ਜਾਣ ਤੋਂ ਬਾਅਦ ਅਮਰੀਕਾ ਨੇ ਸ਼ੀਤ ਯੁੱਧ ਤੋਂ ਬਾਅਦ ਫਿਰ ਤੋਂ ਆਪਣੇ ਫੌਜੀ ਅੱਡਿਆਂ ’ਤੇ ਪ੍ਰਮਾਣੂ ਹਥਿਆਰ ਤਾਇਨਾਤ ਕਰ ਦਿੱਤੇ ਹਨ। ਅਮਰੀਕਾ ਨੂੰ ਸ਼ੱਕ ਹੈ ਕਿ ਇਨ੍ਹਾਂ ਡਰੋਨਾਂ ਪਿੱਛੇ ਰੂਸ ਦਾ ਹੱਥ ਹੋ ਸਕਦਾ ਹੈ। ਅਮਰੀਕੀ ਹਵਾਈ ਫੌਜ ਨੇ ਮੰਨਿਆ ਹੈ ਕਿ ਪਿਛਲੇ 20 ਦਿਨਾਂ ’ਚ ਬ੍ਰਿਟੇਨ ’ਚ ਹੀ ਨਾਟੋ ਦੇ ਤਿੰਨ ਏਅਰਬੇਸਾਂ ’ਤੇ ਰਹੱਸਮਈ ਡਰੋਨ ਦੇਖੇ ਗਏ ਹਨ। ਇਹ ਘਟਨਾਵਾਂ ਆਰ. ਏ. ਐੱਫ. ਦੇ ਲਾਕੇਨਹੀਥ, ਮਿਲਡੇਨਹਾਲ ਅਤੇ ਸੁਲਫੋਲਕ ’ਚ ਵਾਪਰੀਆਂ ਹਨ।
ਇਹ ਵੀ ਪੜ੍ਹੋ : ਦੇਵਬੰਦ 'ਚ ਮੁਸਲਿਮ ਕੁੜੀਆਂ ਨਾਲ ਕੁੱਟਮਾਰ ਕਰਕੇ ਉਤਾਰਿਆ ਹਿਜਾਬ, 1 ਮੁਲਜ਼ਮ ਹਿਰਾਸਤ 'ਚ ਲਿਆ
28 ਨਵੰਬਰ ਤੋਂ ਹੀ ਨਜ਼ਰ ਆ ਰਹੇ ਨੇ ਰਹੱਸਮਈ ਡਰੋਨ
28 ਨਵੰਬਰ ਦੀ ਰਾਤ ਨੂੰ ਵੀ ਅਸਮਾਨ ਵਿਚ ਦੋ ਰਹੱਸਮਈ ਡਰੋਨ ਦੇਖੇ ਗਏ ਸਨ। ਇਹ ਪੂਰਬੀ ਇੰਗਲੈਂਡ ਦੇ ਸੁਲਫੋਲਕ ਵਿਚ ਨਜ਼ਰ ਆਏ ਸਨ। ਇੰਨਾ ਹੀ ਨਹੀਂ ਅਮਰੀਕਾ ਵਿਚ ਵੀ ਇਹ ਘਟਨਾਵਾਂ ਸਿਰਫ਼ ਨਿਊਜਰਸੀ ਤੱਕ ਹੀ ਸੀਮਤ ਨਹੀਂ ਹਨ। ਨਿਊਯਾਰਕ, ਟੈਕਸਾਸ ਅਤੇ ਓਕਲਾਹੋਮਾ ਵਿਚ ਵੀ ਅਜਿਹੇ ਹੀ ਡਰੋਨ ਦੇਖੇ ਗਏ ਹਨ, ਜਿਨ੍ਹਾਂ ਨੂੰ ਉਸ ਸਮੇਂ ਯੂ. ਐੱਫ. ਓ. ਸਮਝ ਲਿਆ ਗਿਆ। ਨਿਊਜਰਸੀ ’ਚ ਦੇਖੇ ਗਏ ਡਰੋਨਾਂ ਸਬੰਧੀ ਐੱਫ. ਬੀ. ਆਈ. ਅਤੇ ਕੋਸਟਗਾਰਡ ਨੇ ਆਪਣੀ ਰਿਪੋਰਟ ਵੀ ਦਿੱਤੀ। ਮੈਰੀਟਾਈਮ ਏਜੰਸੀ ਮੁਤਾਬਕ ਉਨ੍ਹਾਂ ਨੇ 13 ਡਰੋਨ ਦੇਖੇ, ਜੋ ਕਿਸ਼ਤੀ ਦਾ ਪਿੱਛਾ ਕਰ ਰਹੇ ਸਨ। ਇਨ੍ਹਾਂ ਡਰੋਨਾਂ ਦੇ ਖੰਭਾਂ ਦੀ ਲੰਬਾਈ 8 ਫੁੱਟ ਸੀ।
ਬ੍ਰਿਟਿਸ਼ ਫੌਜ ਦੀ ਖੁਫੀਆ ਏਜੰਸੀ ਦੇ ਸਾਬਕਾ ਕਰਨਲ ਫਿਲਿਪ ਇੰਗ੍ਰਾਮ ਨੇ ਦਾਅਵਾ ਕੀਤਾ ਹੈ ਕਿ ਰੂਸੀ ਖੁਫੀਆ ਏਜੰਸੀਆਂ ਕੋਲ ਬ੍ਰਿਟੇਨ ਦੀ ਹਵਾਈ ਸੁਰੱਖਿਆ ’ਚ ਘੁਸਪੈਠ ਕਰਨ ਦੀ ਸਮਰੱਥਾ ਹੈ। ਰੂਸ ਨਾਟੋ ਦੇ ਫੌਜੀ ਟਿਕਾਣਿਆਂ ਤੋਂ ਸੰਵੇਦਨਸ਼ੀਲ ਜਾਣਕਾਰੀ ਇਕੱਠੀ ਕਰਨ ਲਈ ਅਜਿਹਾ ਕੰਮ ਕਰ ਸਕਦਾ ਹੈ।
ਟਰੰਪ ਨੇ ਡਰੋਨਾਂ ਨੂੰ ਤਬਾਹ ਕਰਨ ਦੇ ਦਿੱਤੇ ਹੁਕਮ
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਦੇਖੇ ਗਏ ਰਹੱਸਮਈ ਡਰੋਨਾਂ ਨੂੰ ਤਬਾਹ ਕਰਨ ਦੇ ਹੁਕਮ ਦਿੱਤੇ ਹਨ। ਟਰੰਪ ਨੇ ਸ਼ੁੱਕਰਵਾਰ ਨੂੰ ‘ਟਰੁੱਥ ਸੋਸ਼ਲ’ ’ਤੇ ਇਕ ਪੋਸਟ ’ਚ ਕਿਹਾ ਕਿ ਦੇਸ਼ ਭਰ ’ਚ ਰਹੱਸਮਈ ਡਰੋਨ ਦਿਖਾਈ ਦਿੱਤੇ ਹਨ। ਕੀ ਇਹ ਸੱਚਮੁੱਚ ਸਾਡੀ ਸਰਕਾਰ ਦੀ ਜਾਣਕਾਰੀ ਤੋਂ ਬਿਨਾਂ ਹੋ ਰਿਹਾ ਹੈ? ਮੈਨੂੰ ਅਜਿਹਾ ਨਹੀਂ ਲੱਗਦਾ ਜਾਂ ਤਾਂ ਹੁਣੇ ਜਨਤਾ ਨੂੰ ਇਸ ਬਾਰੇ ਜਾਣਕਾਰੀ ਦਿਓ ਜਾਂ ਉਨ੍ਹਾਂ ਨੂੰ ਤਬਾਹ ਕਰ ਦਿਓ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8