ਅਫ਼ਗਾਨਿਸਤਾਨ ’ਚ ਤਾਲਿਬਾਨ ਦਾ ਕਹਿਰ, ਕਾਬੁਲ ’ਚ ਸ਼ਰਨ ਲੈਣ ਨੂੰ ਮਜ਼ਬੂਰ ਹੋਏ ਹਜ਼ਾਰਾਂ ਪਰਿਵਾਰ

Wednesday, Aug 11, 2021 - 11:40 AM (IST)

ਕਾਬੁਲ— ਅਫ਼ਗਾਨਿਸਤਾਨ ’ਚ ਤਾਲਿਬਾਨ ਅੱਤਵਾਦੀਆਂ ਦਾ ਹੋਰ ਸੂਬਿਆਂ ’ਤੇ ਕਬਜ਼ੇ ਕਰਨ ਦੇ ਮਨਸੂਬੇ ਖ਼ਤਮ ਨਹੀਂ ਹੋ ਰਹੇ ਹਨ। ਇਸ ਖ਼ੌਫ ਤੋਂ ਬਚਣ ਲਈ ਹਜ਼ਾਰਾਂ ਅਫ਼ਗਾਨ ਪਰਿਵਾਰਾਂ ਨੇ ਰਾਜਧਾਨੀ ਕਾਬੁਲ ਦਾ ਰੁਖ਼ ਕੀਤਾ ਹੈ। ਅਫ਼ਗਾਨਿਸਤਾਨ ਦੇ ਉੱਤਰੀ ਕੁੰਦੁਜ ਸੂਬੇ ਤੋਂ ਬੇਘਰ ਹੋਏ ਸੈਂਕੜੇ ਅਫ਼ਗਾਨ ਰਾਜਧਾਨੀ ਸ਼ਹਿਰ ਵਿਚ ਸ਼ਰਨ ਲੈਣ ਤੋਂ ਬਾਅਦ ਭਿਆਨਕ ਹਾਲਾਤਾਂ ’ਚੋਂ ਲੰਘ ਰਹੇ ਹਨ। ਇਨ੍ਹਾਂ ਬੇਘਰ ਹੋਏ ਲੋਕਾਂ ਨੂੰ ਸੜਕਾਂ ਅਤੇ ਪਾਰਕਾਂ ਵਿਚ ਰਹਿਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਵਿਚੋਂ ਕਈ ਨਾਬਾਲਗ, ਬਜ਼ੁਰਗ ਅਤੇ ਪਰਿਵਾਰਾਂ ਦੇ ਜ਼ਖਮੀ ਮੈਂਬਰ ਹਨ। ਸੂਬਾਈ ਰਾਜਧਾਨੀ ਕੁੰਦੁਜ ਸੂਬੇ ਵਿਚ ਹਾਲਾਤ ਵਿਗੜਨ ਤੋਂ ਬਾਅਦ ਉਹ ਖ਼ੁਦ ਨੂੰ ਅਤੇ ਬੱਚਿਆਂ ਨੂੰ ਬਚਾਉਣ ’ਚ ਸਫ਼ਲ ਰਹੇ ਹਨ।

ਇਸ ਦਰਮਿਆਨ ਵਿਦੇਸ਼ੀ ਫ਼ੌਜੀਆਂ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਦੇ ਹਮਲੇ ਕਾਰਨ ਅਫ਼ਗਾਨਿਸਤਾਨ ਵਿਚ ਬੇਘਰ ਲੋਕਾਂ ’ਚ ਭਾਰੀ ਵਾਧਾ ਵੇਖਿਆ ਜਾ ਰਿਹਾ ਹੈ। ਇਕ ਰਿਪੋਰਟ ਮੁਤਾਬਕ ਮਨੁੱਖੀ ਮਾਮਲਿਆਂ ਦੇ ਤਾਲਮੇਲ ਲਈ ਸੰਯੁਕਤ ਰਾਸ਼ਟਰ ਦਫ਼ਤਰ ਦੇ ਅੰਕੜਿਆਂ ਮੁਤਾਬਕ ਮਈ ਤੋਂ ਹੁਣ ਤੱਕ ਘੱਟੋ-ਘੱਟ 2,44,000 ਲੋਕ ਬੇਘਰ ਹੋਏ ਹਨ, ਜੋ ਪਿਛਲੇ ਸਾਲ ਦੇ ਇਸ ਸਮੇਂ ਦੀ ਤੁਲਨਾ ਵਿਚ 300 ਫ਼ੀਸਦੀ ਤੋਂ ਵੱਧ ਹੈ। ਰਿਪੋਰਟ ਮੁਤਾਬਕ ਜ਼ਿਆਦਾਤਰ ਲੋਕ ਪੂਰਬੀ-ਉੱਤਰੀ ਅਤੇ ਪੂਰਬੀ ਅਫ਼ਗਾਨਿਸਤਾਨ ਤੋਂ ਪਲਾਇਨ ਕਰ ਰਹੇ ਹਨ। ਲੱਗਭਗ ਸਾਰਿਆਂ ਕੋਲ ਉੱਚਿਤ ਸ਼ਰਨ, ਡਾਕਟਰੀ ਦੇਖਭਾਲ ਅਤੇ ਉੱਚਿਤ ਭੋਜਨ ਦੀ ਕਮੀ ਹੈ। ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਵਿਚ ਤਾਲਿਬਾਨ ਨੇ ਅਫ਼ਗਾਨਿਸਤਾਨ ਦੇ 6ਵੇਂ ਸਭ ਤੋਂ ਵੱਡੇ ਸ਼ਹਿਰ ਕੁੰਦੁਜ ਸਮੇਤ ਦੇਸ਼ ਦੇ ਉੱਤਰ ਵਿਚ 5 ਅਫ਼ਗਾਨ ਸੂਬਾਈ ਰਾਜਧਾਨੀਆਂ ’ਤੇ ਕਬਜ਼ਾ ਕਰ ਲਿਆ ਹੈ। 


Tanu

Content Editor

Related News