ਤੁਰਕੀ ਲਈ ਉਡਾਣਾਂ ਦੀ ਅਫਵਾਹ ਤੋਂ ਬਾਅਦ ਕਾਬੁਲ ਹਵਾਈ ਅੱਡੇ ’ਤੇ ਉਮੜੀ ਭੀੜ

02/10/2023 1:18:51 PM

ਇਸਲਾਮਾਬਾਦ (ਭਾਸ਼ਾ)- ਤੁਰਕੀ ਭੂਚਾਲ ਪੀੜਤਾਂ ਦੀ ਮਦਦ ਲਈ ਉਡਾਣਾਂ ਰਵਾਨਾ ਹੋਣ ਦੀ ਅਫਵਾਹ ਫੈਲਣ ਤੋਂ ਬਾਅਦ ਸੈਂਕੜਿਆਂ ਦੀ ਗਿਣਤੀ ਵਿਚ ਅਫਗਾਨ ਔਰਤਾਂ ਅਤੇ ਬੱਚਿਆਂ ਸਮੇਤ ਵੱਡੀ ਗਿਣਤੀ ਵਿਚ ਲੋਕ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਸਥਿਤ ਹਵਾਈ ਅੱਡੇ ’ਤੇ ਪਹੁੰਚ ਗਏ। ਬੁੱਧਵਾਰ ਨੂੰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਵੀਡੀਓ ਅਤੇ ਤਸਵੀਰਾਂ ਵਿਚ ਸੈਂਕੜੇ ਲੋਕ ਹਨੇਰੇ ਅਤੇ ਠੰਡ ਵਿਚ ਹਵਾਈ ਅੱਡੇ ਵੱਲ ਪੈਦਲ ਜਾਂਦੇ ਨਜ਼ਰ ਆ ਰਹੇ ਹਨ। ਇਸ ਦ੍ਰਿਸ਼ ਨੇ ਅਗਸਤ, 2021 ਦੀ ਯਾਦ ਤਾਜ਼ਾ ਕਰ ਦਿੱਤੀ ਜਦੋਂ ਦੇਸ਼ ਵਿਚ ਤਾਲਿਬਾਨ ਦੇ ਸੱਤਾ ਵਿਚ ਕਾਬਜ਼ ਹੋਣ ਤੋਂ ਬਾਅਦ ਹਜ਼ਾਰਾਂ ਲੋਕ ਹਵਾਈ ਮਾਰਗ ਰਾਹੀਂ ਦੇਸ਼ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਵਿਚ ਹਵਾਈ ਅੱਡੇ ’ਤੇ ਪਹੁੰਚ ਗਏ ਸਨ।

ਇਹ ਵੀ ਪੜ੍ਹੋ: ਆਰਥਿਕ ਤੰਗੀ ਨਾਲ ਜੂਝ ਰਹੇ ਪਾਕਿਸਤਾਨ 'ਚ ਨਵਾਂ ਸੰਕਟ, ਬੰਦ ਹੋਣ ਲੱਗੇ ਪੈਟਰੋਲ ਪੰਪ

 

ਕਾਬੁਲ ਨਿਵਾਸੀ ਅਬਦੁੱਲ ਗੱਫਾਰ (26) ਨੇ ਕਿਹਾ ਕਿ ਮੈਂ ਸੁਣਿਆ ਹੈ ਕਿ ਤੁਰਕੀ ਨੂੰ ਮਦਦ ਲਈ ਲੋਕਾਂ ਦੀ ਲੋੜ ਹੈ, ਇਸ ਲਈ ਮੈਂ ਸੋਚਿਆ ਕਿ ਮੈਂ ਉਥੇ ਜਾ ਕੇ ਲੋੜਵੰਦ ਲੋਕਾਂ ਦੀ ਮਦਦ ਕਰਾਂ। ਇਹ ਮੇਰੇ ਲਈ ਦੇਸ਼ ਤੋਂ ਬਾਹਰ ਨਿਕਲਣ ਦਾ ਇਕ ਮੌਕਾ ਵੀ ਹੋ ਸਕਦਾ ਹੈ। ਉਸਨੇ ਠੰਡ ਦਰਮਿਆਨ ਹਵਾਈ ਅੱਡੇ ਨੇੜੇ 3 ਘੰਟੇ ਤੱਕ ਉਡੀਕ ਕੀਤੀ, ਜਦੋਂ ਤਾਲਿਬਾਨ ਫੋਰਸਾਂ ਨੇ ਦੱਸਿਆ ਕਿ ਤੁਰਕੀ ਲਈ ਅਜਿਹੀ ਕੋਈ ਉਡਾਣ ਨਹੀਂ ਹੈ ਤਾਂ ਉਹ ਅਤੇ ਹੋਰ ਲੋਕ ਵਾਪਸ ਘਰ ਪਰਤ ਗਏ। ਕਾਬੁਲ ਪੁਲਸ ਮੁਖੀ ਦੇ ਬੁਲਾਰੇ ਖਾਲਿਦ ਜਾਦਰਾਂ ਨੇ ਦੱਸਿਆ ਕਿ ਕਾਬੁਲ ਤੋਂ ਅਜਿਹੀ ਕੋਈ ਉਡਾਣ ਨਹੀਂ ਹੈ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਉਹ ਕਿਸੇ ਅਫਵਾਹ ਕਾਰਨ ਪ੍ਰਬੰਧ ’ਚ ਰੁਕਾਵਟ ਪੈਦਾ ਨਾ ਕਰਨ। ਤਾਲਿਬਾਨ ਸਰਕਾਰ ਨੇ ਤੁਰਕੀ ਨੂੰ 1 ਕਰੋੜ ਅਫਗਾਨੀ ਅਤੇ ਸੀਰੀਆ ਨੂੰ 50 ਲੱਖ ਅਫਗਾਨੀ ਦਾ ਰਾਹਤ ਪੈਕੇਜ ਦੇਣ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ: NDRF ਟੀਮ ਨੇ ਤੁਰਕੀ ’ਚ 6 ਸਾਲਾ ਬੱਚੀ ਨੂੰ ਮਲਬੇ ’ਚੋਂ ਜ਼ਿੰਦਾ ਕੱਢਿਆ ਬਾਹਰ (ਵੀਡੀਓ)


cherry

Content Editor

Related News