ਤਾਲਿਬਾਨ ਨੂੰ ਸਮਰਥਨ ਦੇਣ ’ਤੇ ਅਫਗਾਨਿਸਤਾਨ ਦਾ ਪਾਕਿ ’ਤੇ ਹਮਲਾ, ਕਿਹਾ-ਬਾਰਿਸ਼ਾਂ ਨਾਲ ਦੋਸਤੀ ਚੰਗੀ ਨਹੀਂ ਹੁੰਦੀ
Saturday, Jul 10, 2021 - 03:45 PM (IST)
ਇੰਟਰਨੈਸ਼ਨਲ ਡੈਸਕ : ਅਫਗਾਨਿਸਤਾਨ ’ਚ ਲੜਾਕਿਆਂ ਦੀ ਹਿੰਸਾ ਵਿਚਾਲੇ ਅਫਗਾਨਿਸਤਾਨ ਦੇ ਦੂਤ ਫਰੀਦ ਮਮੂੰਦਜੇ ਨੇ ਪਾਕਿਸਤਾਨ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਫਰੀਦ ਮਮੂੰਦਜੇ ਨੇ ਪਾਕਿਸਤਾਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਪਾਕਿਸਤਾਨ ਨੂੰ ਸਮਝਣਾ ਚਾਹੀਦਾ ਹੈ ਕਿ ਬਾਰਿਸ਼ਾਂ ਨਾਲ ਦੋਸਤੀ ਚੰਗੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਉਹ ਤਾਲਿਬਾਨ ਨੂੰ ਸਮਰਥਨ ਦੇਣਾ ਬੰਦ ਕਰੇ। ਭਾਰਤ ਸਥਿਤ ਅਫਗਾਨਿਸਤਾਨ ਦੇ ਰਾਜਦੂਤ ਫਰੀਦ ਮਮੂੰਦਜੇ ਨੇ ਕਿਹਾ ਕਿ ਤਾਲਿਬਾਨੀ ਲੜਾਕਿਆਂ ਨੇ ਅਫਗਾਨਿਸਤਾਨ ਦੀ ਪਿਛਲੇ ਇਕ ਦਹਾਕੇ ਦੀਆਂ ਉਪਲੱਬਧੀਆਂ ਨੂੰ ਬਰਬਾਦ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਚੀਨ ਦੇ ਨਾਪਾਕ ਮਨਸੂਬੇ, DNA ਨਾਲ ਛੇੜਛਾੜ ਕਰ ਕੇ ਤਿਆਰ ਕਰ ਰਿਹਾ ਨਵੀਂ ਫੌਜ, ਅਮਰੀਕਾ ਦੀ ਉੱਡੀ ਨੀਂਦ
ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਕਵੇਟਾ, ਪੇਸ਼ਾਵਰ ਤੇ ਹੋਰ ਥਾਵਾਂ ’ਤੇ ਸ਼ੂਰਾ ਦੀ ਮੌਜੂਦਗੀ ਸਾਡੇ ਲਈ ਗੰਭੀਰ ਚਿੰਤਾ ਦੀ ਗੱਲ ਹੈ। ਤਾਲਿਬਾਨੀਆਂ ਨੇ ਅਫਗਾਨਿਸਤਾਨ ਦੇ ਕਈ ਜ਼ਿਲ੍ਹਿਆਂ ’ਤੇ ਕਬਜ਼ਾ ਕਰ ਲਿਆ ਹੈ ਤੇ ਅਫਗਾਨਿਸਤਾਨ ਦੀ ਫੌਜ ’ਤੇ ਹਮਲੇ ਤੇਜ਼ ਕਰ ਦਿੱਤੇ ਹਨ। ਅਪ੍ਰੈਲ ’ਚ ਵਿਦੇਸ਼ੀ ਫੌਜ ਦੇ ਅਫਗਾਨਿਸਤਾਨ ਛੱਡਣ ਦੇ ਐਲਾਨ ਤੋਂ ਬਾਅਦ ਲੜਾਕਿਆਂ ਦੇ ਹਮਲਿਆਂ ’ਚ 1000 ਤੋਂ ਜ਼ਿਆਦਾ ਫੌਜੀ ਤੇ 3000 ਤੋਂ ਜ਼ਿਆਦਾ ਨਾਗਰਿਕ ਮਾਰੇ ਗਏ ਹਨ। ਦਰਅਸਲ, ਅਫਗਾਨੀ ਅੰਬੈਸਡਰ ਫਰੀਦ ਮਮੂੰਦਜੇ ਤੋਂ ਸਵਾਲ ਪੁੱਛਿਆ ਗਿਆ ਸੀ ਕਿ ਪਾਕਿਸਤਾਨ ਦੇ ਸਮਰਥਨ ਤੋਂ ਬਿਨਾਂ ਤਾਲਿਬਾਨ ਇੰਨਾ ਅੱਗੇ ਨਹੀਂ ਵਧ ਸਕਦਾ, ਇਸ ’ਤੇ ਤੁਸੀਂ ਕੀ ਕਹੋਗੇ ? ਇਸ ’ਤੇ ਫਰੀਦ ਮਮੂੰਦਜੇ ਨੇ ਕਿਹਾ ਕਿ ਤਾਲਿਬਾਨ ਦੇ ਵੱਡੇ ਨੇਤਾਵਾਂ ਦੀਆਂ ਜੜ੍ਹਾਂ ਪੇਸ਼ਾਵਰ ਨਾਲ ਜੁੜੀਆਂ ਹੋਈਆਂ ਹਨ।
ਉਨ੍ਹਾਂ ਦੇ ਪਰਿਵਾਰ, ਉਨ੍ਹਾਂ ਦੇ ਇਨਵੈਸਟਮੈਂਟ, ਬਿਜ਼ਨੈੱਸ ਸਾਰੇ ਪੇਸ਼ਾਵਰ ’ਚ ਹਨ। ਉਨ੍ਹਾਂ ਅੱਗੇ ਕਿਹਾ ਕਿ ਅੱਜ ਅਸੀਂ ਮੁਸੀਬਤ ’ਚ ਹਾਂ ਤਾਂ ਕੱਲ ਨੂੰ ਉਨ੍ਹਾਂ ਲਈ ਵੀ ਮੁਸੀਬਤ ਵਧ ਸਕਦੀ ਹੈ। ਮਮੂੰਦਜੇ ਨੇ ਕਿਹਾ ਕਿ ਅਫਗਾਨਿਸਤਾਨ ’ਚ ਸੁਰੱਖਿਆ ਦੇ ਹਾਲਾਤ ਠੀਕ ਨਹੀਂ ਹਨ ਪਰ ਭਾਰਤੀ ਦੂਤਘਰ ਨੂੰ ਤੁਰੰਤ ਕੋਈ ਖਤਰਾ ਨਹੀਂ ਹੈ। ਸਾਰੇ 34 ਸੂਬਿਆਂ ਦੀਆਂ ਅਸਥਾਈ ਰਾਜਧਾਨੀਆਂ ’ਤੇ ਸਾਡੀ ਫੌਜ ਦਾ ਕਾਬੂ ਹੈ। ਉਥੇ ਹੀ ਫਰੀਦ ਨੇ ਭਾਰਤ ਦੀ ਤਾਰੀਫ਼ ਕਰਦਿਆਂ ਮਦਦ ਦੀ ਉਮੀਦ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਸਾਡੇ ਇਥੇ ਖਾਣ ਦੀ ਘਾਟ ਨਹੀਂ ਹੈ। ਭਾਰਤ ਹਮੇਸ਼ਾ ਤੋਂ ਸਾਡੇ ਲਈ ਇਕ ਵੱਡਾ ਮਦਦਗਾਰ ਰਿਹਾ ਹੈ। ਅਸੀਂ ਭਾਰਤ ਤੋਂ ਮਦਦ ਲਈ ਚਰਚਾ ਕਰ ਰਹੇ ਹਾਂ ਤੇ ਸਾਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿਚ ਭਾਰਤ ਸਾਡੇ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹਾ ਹੋਵੇਗਾ। ਹਾਲਾਂਕਿ ਅਫਗਾਨਿਸਤਾਨ ਦੀ ਮਦਦ ਦੀ ਅਪੀਲ ਤੋਂ ਬਾਅਦ ਭਾਰਤ ਵੱਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।