ਅਫਗਾਨਿਸਤਾਨ ਦੀ ਪਹਿਲੀ ਗੈਰ-ਮੁਸਲਿਮ MP ਬੋਲੀ- ਆਪਣੇ ਵਤਨ ਦੀ ਮੁੱਠੀਭਰ ਮਿੱਟੀ ਵੀ ਲਿਆਉਣ ਦਾ ਸਮਾਂ ਨਹੀਂ ਮਿਲਿਆ

Thursday, Aug 26, 2021 - 12:05 PM (IST)

ਅਫਗਾਨਿਸਤਾਨ ਦੀ ਪਹਿਲੀ ਗੈਰ-ਮੁਸਲਿਮ MP ਬੋਲੀ- ਆਪਣੇ ਵਤਨ ਦੀ ਮੁੱਠੀਭਰ ਮਿੱਟੀ ਵੀ ਲਿਆਉਣ ਦਾ ਸਮਾਂ ਨਹੀਂ ਮਿਲਿਆ

ਨਵੀਂ ਦਿੱਲੀ (ਭਾਸ਼ਾ)- ਅਫਗਾਨਿਸਤਾਨ ਦੀ ਪਹਿਲੀ ਗੈਰ-ਮੁਸਲਿਮ ਔਰਤ ਸੰਸਦ ਮੈਂਬਰ ਅਨਾਰਕਲੀ ਹੋਨਰਯਾਰ ਨੇ ਕਦੇ ਸੋਚਿਆ ਤਕ ਨਹੀਂ ਹੋਵੇਗਾ ਕਿ ਉਨ੍ਹਾਂ ਨੂੰ ਆਪਣਾ ਵਤਨ ਛੱਡਣ ਪਵੇਗਾ ਪਰ ਤਾਲਿਬਾਨ ਦੇ ਕਾਬੁਲ ’ਤੇ ਕਬਜ਼ੇ ਤੋਂ ਬਾਅਦ ਉਨ੍ਹਾਂ ਨੂੰ ਉਡਾਣ ਵਿਚ ਸਵਾਰ ਹੋਣ ਤੋਂ ਪਹਿਲਾਂ ਆਪਣੇ ਵਤਨ ਦੀ ਯਾਦ ਦੇ ਤੌਰ ’ਤੇ ਮੁੱਠੀਭਰ ਮਿੱਟੀ ਤਕ ਰੱਖਣ ਦਾ ਮੌਕਾ ਨਹੀਂ ਮਿਲਿਆ।

36 ਸਾਲਾ ਹੋਨਰਯਾਰ ਪੇਸ਼ੇ ਤੋਂ ਡੈਂਟਲ ਡਾਕਟਰ ਹਨ ਅਤੇ ਅਫਗਾਨਿਸਤਾਨ ਦੇ ਜ਼ਿਆਦਾਤਰ ਪੁਰਸ਼ਵਾਦੀ ਸਮਾਜ ਵਿਚ ਔਰਤਾਂ ਦੇ ਹਿੱਤਾਂ ਦੀ ਹਮਾਇਤੀ ਰਹੀ ਹਨ ਅਤੇ ਉਨ੍ਹਾਂ ਨੇ ਕਮਜ਼ੋਰ ਭਾਈਚਾਰਿਆਂ ਦੇ ਅਧਿਕਾਰਾਂ ਲਈ ਕਈ ਮੁਹਿੰਮਾਂ ਦੀ ਅਗਵਾਈ ਕੀਤੀ ਹੈ। ਉਨ੍ਹਾਂ ਦਾ ਪ੍ਰਗਤੀਸ਼ੀਲ ਅਤੇ ਲੋਕਤਾਂਤਰਿਕ ਅਫਗਾਨਿਸਤਾਨ ਵੀ ਜਿਊਣ ਦਾ ਸੁਪਨਾ ਸੀ। ਉਨ੍ਹਾਂ ਨੇ ਕਿਹਾ ਕਿ ਮੇਰਾ ਖੁਆਬ ਚਕਨਾਚੂਰ ਹੋ ਗਿਆ ਹੈ। ਹੋਨਰਯਾਰ ਨੇ ਭਿੱਜੀਆਂ ਅੱਖਾਂ ਨਾਲ ਕਿਹਾ ਕਿ ਮੈਨੂੰ ਯਾਦ ਦੇ ਤੌਰ ’ਤੇ ਆਪਣੇ ਦੇਸ਼ ਦੀ ਇਕ ਮੁੱਠੀ ਮਿੱਟੀ ਲੈਣ ਦਾ ਵੀ ਸਮਾਂ ਨਹੀਂ ਮਿਲਿਆ। ਮੈਂ ਜਹਾਜ਼ ਵਿਚ ਚੜ੍ਹਨ ਤੋਂ ਪਹਿਲਾਂ ਹਵਾਈ ਅੱਡੇ ’ਤੇ ਜ਼ਮੀਨ ਨੂੰ ਸਿਰਫ ਛੂਹ ਸਕੀ।

ਪੜ੍ਹੋ ਇਹ ਅਹਿਮ ਖਬਰ -ਕਾਬੁਲ ‘ਚ ਆਸਟ੍ਰੇਲੀਆਈ ਲੋਕਾਂ ਲਈ ਖਤਰਾ ਹਰ ਘੰਟੇ ਵੱਧਦਾ ਜਾ ਰਿਹਾ : ਗ੍ਰਹਿ ਮੰਤਰੀ

ਹੋਨਰਯਾਰ ਨੇ ਦੱਸਿਆ ਕਿ ਅਫਗਾਨਿਸਤਾਨ ਵਿਚ ਜਦੋਂ ਮੈਂ ਸੰਸਦ ਦੀ ਮੀਟਿੰਗ ਤੋਂ ਬਾਹਰ ਆਉਂਦੀ ਸੀ ਤਾਂ ਲੋਕ ਮੇਰੇ ਆਲੇ-ਦੁਆਲੇ ਇਕੱਠੇ ਹੋ ਜਾਂਦੇ ਸਨ ਅਤੇ ਮੇਰੇ ਨਾਲ ਸੈਲਫੀ ਲੈਂਦੇ ਸਨ। ਉਹ ਮੇਰੇ ਨਾਲ ਪਿਆਰ ਕਰਦੇ ਸਨ ਕਿਉਂਕਿ ਮੈਂ ਨੈਸ਼ਨਲ ਅਸੈਂਬਲੀ ਵਿਚ ਉਨ੍ਹਾਂ ਦੀ ਆਵਾਜ਼ ਸੀ। ਮੈਂ ਸਾਰਿਆਂ ਲਈ ਲੜਾਈ ਲੜੀ। ਮੇਰੇ ਵਲੋਂ ਚੁੱਕੇ ਗਏ ਮੁੱਦੇ, ਮੇਰੇ ਸਾਰੇ ਭਾਸ਼ਣ, ਅਸੈਂਬਲੀ ਦੇ ਰਿਕਾਰਡ ਦਾ ਹਿੱਸਾ ਹਨ। ਮੈਂ ਤਾਲਿਬਾਨ ਦੇ ਖਿਲਾਫ ਬਹੁਤ ਕੁਝ ਕਿਹਾ ਹੈ। ਮੇਰੇ ਵਿਚਾਰ ਅਤੇ ਸਿਧਾਂਤ ਉਨ੍ਹਾਂ ਦੇ ਬਿਲਕੁਲ ਉਲਟ ਹਨ। ਮੈਂ ਜ਼ਿੰਦਾ ਅਤੇ ਆਸਵੰਦ ਹਾਂ। ਮੈਂ ਦਿੱਲੀ ਤੋਂ ਅਫਗਾਨਿਸਤਾਨ ਲਈ ਕੰਮ ਕਰਨਾ ਜਾਰੀ ਰਖਾਂਗੀ।
 


author

Vandana

Content Editor

Related News