ਔਰਤਾਂ ਦੇ ਦਰਦ ਨੂੰ ਸਮਝਣਾ ਜ਼ਰੂਰੀ; 90 ਲੱਖ ਅਫ਼ਗਾਨ ਬੀਬੀਆਂ ਹਿੰਸਾ ਦੀ ਲਪੇਟ ’ਚ
Tuesday, Dec 07, 2021 - 06:00 PM (IST)
ਕਾਬੁਲ- ਅਫ਼ਗਾਨਿਸਤਾਨ ਵਿਚ 90 ਲੱਖ ਔਰਤਾਂ ਨੂੰ ਮਨੁੱਖੀ ਮਦਦ ਅਤੇ ਹਿੰਸਾ ਤੋਂ ਸੁਰੱਖਿਆ ਦੀ ਲੋੜ ਹੈ। 25 ਨਵੰਬਰ ਨੂੰ ਔਰਤਾਂ ਵਿਰੁੱਧ ਹਿੰਸਾ ਦੇ ਖ਼ਾਤਮੇ ਲਈ ਕੌਮਾਂਤਰੀ ਦਿਵਸ ਵਜੋਂ 16 ਦਿਨਾਂ ਦੀ ਸਰਗਰਮੀ ਦੀ ਸ਼ੁਰੂਆਤ ਕੀਤੀ ਗਈ। ਸੰਯੁਕਤ ਰਾਸ਼ਟਰ ਦੀ ਪ੍ਰਜਨਨ ਸਿਹਤ ਏਜੰਸੀ (UNFPA) ਮਨੁੱਖਤਾਵਾਦੀ ਭਾਈਵਾਲਾਂ ਨੂੰ ਔਰਤਾਂ ਲਈ ਜਵਾਬ ਦੇਣ ਦੀ ਅਪੀਲ ਕਰ ਰਹੀ ਹੈ, ਜਿਨ੍ਹਾਂ ਨੂੰ ਸੁਰੱਖਿਆ ਦੀ ਲੋੜ ਹੈ। ਹਾਲ ਹੀ ਦੇ ਉੱਥਲ-ਪੱਥਲ ਤੋਂ ਪਹਿਲਾਂ ਵੀ ਔਰਤਾਂ ਅਤੇ ਕੁੜੀਆਂ ਦੀਆਂ ਜ਼ਰੂਰਤਾਂ ਹੈਰਾਨ ਕਰ ਦੇਣ ਵਾਲੀਆਂ ਹਨ।
ਅੱਧੇ ਤੋਂ ਵੱਧ ਅਫ਼ਗਾਨ ਬੀਬੀਆਂ ਆਪਣੀ ਜ਼ਿੰਦਗੀ ਵਿਚ ਹਿੰਸਾ ਦੀ ਲਪੇਟ ’ਚ ਹਨ। ਹਰ ਦੋ ਘੰਟੇ ਵਿਚ ਇਕ ਅਫ਼ਗਾਨ ਔਰਤ ਦੀ ਗਰਭ ਅਵਸਥਾ ਨਾਲ ਸਬੰਧਤ ਮੁਸ਼ਕਲਾਂ ਕਾਰਨ ਮੌਤ ਹੋ ਜਾਂਦੀ ਹੈ। ਅਫਗਾਨਿਸਤਾਨ ’ਚ ਸੰਯੁਕਤ ਰਾਸ਼ਟਰ ਦੀ ਪ੍ਰਜਨਨ ਸਿਹਤ ਏਜੰਸੀ ਦੀ ਪ੍ਰਤੀਨਿਧੀ ਅਲੈਕਜੈਂਡਰ ਸਾਸ਼ਾ ਬੋਡੀਰੋਜ਼ਾ ਨੇ ਕਿਹਾ ਕਿ ਜੇਕਰ ਕੌਮਾਂਤਰੀ ਭਾਈਚਾਰਾ ਕਾਰਵਾਈ ਨਹੀਂ ਕਰਦਾ ਤਾਂ ਔਰਤਾਂ ਦੀ ਸਥਿਤੀ ਹੋਰ ਖਰਾਬ ਹੋ ਜਾਵੇਗੀ। ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਅਫ਼ਗਾਨਿਸਤਾਨ ’ਚ ਬੇਘਰ 6,70,000 ਲੋਕਾਂ ’ਚੋਂ ਲੱਗਭਗ 80 ਫ਼ੀਸਦੀ ਔਰਤਾਂ ਅਤੇ ਬੱਚੇ ਹਨ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਅਕਤੂਬਰ 2021 ਵਿਚ 97,000 ਤੋਂ ਵੱਧ ਔਰਤਾਂ ਅਤੇ ਕੁੜੀਆਂ, ਮਰਦਾਂ ਅਤੇ ਮੁੰਡਿਆਂ ਨੇ ਦੇਸ਼ ਭਰ ’ਚ 171 ਪਰਿਵਾਰਕ ਸਿਹਤ ਘਰਾਂ, 20 ਮੋਬਾਇਲ ਸਿਹਤ ਟੀਮਾਂ, 4 ਐਮਰਜੈਂਸੀ ਕਲੀਨਿਕਾਂ ਅਤੇ ਹੋਰ ਡਿਲੀਵਰੀ ਪੁਆਇੰਟਾਂ ਰਾਹੀ ਸੇਵਾਵਾਂ ਤੱਕ ਪਹੁੰਚ ਕੀਤੀ। UNFPA ਕੋਸ਼ਿਸ਼ਾਂ ਨੂੰ ਵਧਾ ਰਿਹਾ ਹੈ ਅਤੇ ਹੋਰ ਲੋਕਾਂ ਤੱਕ ਪਹੁੰਚਣ ਲਈ ਆਪਣੇ ਆਧਾਰ ਦਾ ਵਿਸਥਾਰ ਕਰ ਰਿਹਾ ਹੈ। ਬੋਡੀਰੋਜ਼ਾ ਨੇ ਕਿਹਾ ਕਿ ਅਸੀਂ ਉਨ੍ਹਾਂ ਕੋਸ਼ਿਸ਼ਾਂ ਦਾ ਸਮਰਥਨ ਕਰਨਾ ਜਾਰੀ ਰੱਖਦੇ ਹਾਂ, ਜੋ ਇਹ ਯਕੀਨੀ ਬਣਾ ਸਕਣ ਕਿ ਔਰਤਾਂ ਅਤੇ ਕੁੜੀਆਂ ਸੁਰੱਖਿਅਤ ਢੰਗ ਨਾਲ ਜਨਮ ਦੇ ਸਕਣ ਅਤੇ ਹਿੰਸਾ ਤੋਂ ਮੁਕਤ ਰਹਿ ਸਕਣ। ਰਿਪੋਰਟ ਵਿਚ ਅਫਗਾਨਿਸਤਾਨ ’ਚ ਸਰਦੀਆਂ ਤੋਂ ਪਹਿਲਾਂ ਪੈਦਾ ਹੋ ਰਹੇ ਮਨੁੱਖੀ ਸੰਕਟ ’ਤੇ ਚਿੰਤਾ ਪ੍ਰਗਟਾਈ ਗਈ ਹੈ। ਅਫਗਾਨ ਔਰਤਾਂ ਨੂੰ ਵੀ ਮਨੁੱਖੀ ਮਦਦ ਲਈ ਮੋਹਰੀ ਪੰਕਤੀ ’ਚ ਹੋਣਾ ਚਾਹੀਦਾ ਹੈ।