ਸਿੱਖ ਭਾਈਚਾਰੇ ਨੇ ਕੀਤੀ ਕਾਬੁਲ ਗੁਰਦੁਆਰੇ ''ਤੇ ਅੱਤਵਾਦੀ ਹਮਲੇ ਦੀ ਜਾਂਚ ਦੀ ਮੰਗ

Friday, Mar 27, 2020 - 04:47 PM (IST)

ਸਿੱਖ ਭਾਈਚਾਰੇ ਨੇ ਕੀਤੀ ਕਾਬੁਲ ਗੁਰਦੁਆਰੇ ''ਤੇ ਅੱਤਵਾਦੀ ਹਮਲੇ ਦੀ ਜਾਂਚ ਦੀ ਮੰਗ

ਕਾਬੁਲ- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਬੁੱਧਵਾਰ ਨੂੰ ਇਸਲਾਮਿਕ ਸਟੇਟ ਦੇ ਆਤਮਘਾਤੀ ਹਮਲਾਵਰ ਨੇ ਇਕ ਪ੍ਰਮੁੱਖ ਗੁਰਦੁਆਰੇ ਵਿਚ ਖੁਦ ਨੂੰ ਧਮਾਕੇ ਨਾਲ ਉਡਾ ਲਿਆ, ਜਿਸ ਵਿਚ 25 ਸਿੱਖ ਮਾਰੇ ਗਏ ਤੇ 8 ਹੋਰ ਜ਼ਖਮੀ ਹੋ ਗਏ। ਜਦਕਿ ਔਰਤਾਂ ਤੇ ਬੱਚਿਆਂ ਸਣੇ ਗੁਰਦੁਆਰੇ ਵਿਚੋਂ 80 ਲੋਕਾਂ ਨੂੰ ਬਚਾਇਆ ਗਿਆ। ਇਸ ਤੋਂ ਬਾਅਦ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਦੀ ਥਾਂ ਦੇ ਨੇੜੇ ਇਕ ਹੋਰ ਧਮਾਕਾ ਹੋਇਆ। ਇਸ ਧਮਾਕੇ ਵਿਚ ਇਕ ਬੱਚਾ ਜ਼ਖਮੀ ਹੋ ਗਿਆ। ਅਫਗਾਨਿਸਤਾਨ ਵਿਚ ਗੁਰਦੁਆਰੇ 'ਤੇ ਹੋਏ ਅੱਤਵਾਦੀ ਹਮਲੇ ਵਿਚ ਮਾਰੇ ਗਏ ਅਫਗਾਨ ਸਿੱਖਾਂ ਦੇ ਪਰਿਵਾਰ ਵਾਲਿਆਂ ਨੇ ਕਿਹਾ ਹੈ ਕਿ ਉਹ ਅਫਗਾਨਿਸਤਾਨ ਵਿਚ ਰਹਿੰਦੇ ਥੱਕ ਗਏ ਹਨ। ਉਹਨਾਂ ਨੇ ਸਰਕਾਰ ਨੂੰ ਘੱਟ ਗਿਣਤੀ ਭਾਈਚਾਰੇ 'ਤੇ ਹਮਲੇ ਦੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ।

ਸਿੱਖ ਭਾਈਚਾਰੇ ਦੇ ਲੋਕਾਂ ਨੇ ਵੀਰਵਾਰ ਨੂੰ ਪੀੜਤਾਂ ਦਾ ਅੰਤਿਮ ਸੰਸਕਾਰ ਕੀਤਾ ਤੇ ਸਰਕਾਰ ਤੋਂ ਹਮਲਿਆਂ ਦੀ ਜਾਂਚ ਕਰਨ ਦੀ ਅਪੀਲ ਕੀਤੀ। ਕੁਝ ਸਿੱਖ ਨਾਗਰਿਕਾਂ ਨੇ ਕਿਹਾ ਕਿ ਉਹ ਅਫਗਾਨਿਸਤਾਨ ਵਿਚ ਰਹਿ ਕੇ ਥੱਕ ਗਏ ਹਨ। ਮਾਰੇ ਗਏ ਇਕ ਵਿਅਕਤੀ ਦੇ ਪਰਿਵਾਰ ਦੇ ਮੈਂਬਰ ਨੇ ਕਿਹਾ ਕਿ ਕਿਹੜੇ ਧਰਮ ਦੀ ਕਿਤਾਬ ਤੁਹਾਨੂੰ ਮਸਜਿਦ ਜਾਂ ਧਾਰਮਿਕ ਸਥਾਨ 'ਤੇ ਹਮਲਾ ਕਰਨ ਲਈ ਕਹਿੰਦੀ ਹੈ। ਇਹ ਕਿਸ ਧਰਮ ਵਿਚ ਹੁੰਦਾ ਹੈ?

ਅਫਗਾਨ ਰਾਸ਼ਟਰਪਤੀ ਅਸ਼ਰਫ ਗਨੀ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਧਾਰਮਿਕ ਥਾਵਾਂ 'ਤੇ ਹਮਲੇ ਨਾਲ ਦੁਸ਼ਮਣਾਂ ਦੀ ਕਮਜ਼ੋਰੀ ਦਾ ਪਤਾ ਲੱਗਦਾ ਹੈ, ਧਾਰਮਿਕ ਥਾਵਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ। ਦੱਸ ਦਈਏ ਕਿ ਸਿੱਖ ਪਹਿਲਾਂ ਵੀ ਅਫਗਾਨਿਸਤਾਨ ਵਿਚ ਇਸਲਾਮੀ ਅੱਤਵਾਦੀਆਂ ਦੇ ਹਮਲੇ ਦਾ ਨਿਸ਼ਾਨਾ ਬਣ ਚੁੱਕੇ ਹਨ। ਇਸ ਤੋਂ ਪਹਿਲਾਂ ਜੁਲਾਈ 2018 ਵਿਚ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਪੂਰਬੀ ਸ਼ਹਿਰ ਜਲਾਲਾਬਾਦ ਵਿਚ ਸਿੱਖਾਂ ਤੇ ਹਿੰਦੂਆਂ ਦੀ ਸਭਾ 'ਤੇ ਹਮਲਾ ਕੀਤਾ ਸੀ, ਜਿਸ ਵਿਚ 19 ਲੋਕ ਮਾਰੇ ਗਏ ਸਨ ਤੇ 20 ਹੋਰ ਜ਼ਖਮੀ ਹੋਏ ਸਨ।


author

Baljit Singh

Content Editor

Related News