ਅਫ਼ਗਾਨ ਸੁਰੱਖਿਆ ਫੋਰਸ ਨੇ 24 ਘੰਟਿਆਂ ਵਿਚ 258 ਤਾਲਿਬਾਨ ਅੱਤਵਾਦੀ ਮਾਰੇ, 156 ਜ਼ਖਮੀ
Sunday, Jun 20, 2021 - 12:47 PM (IST)
ਕਾਬੁਲ : ਦੇਸ਼ ਭਰ ਦੇ ਕਈ ਸੂਬਿਆਂ ਵਿਚ ਅਫਗਾਨ ਨੈਸ਼ਨਲ ਸਿਕਿਓਰਿਟੀ ਫੋਰਸਿਜ਼ (ਏ.ਐਨ.ਐੱਸ.ਐੱਫ.) ਵੱਲੋਂ ਪਿਛਲੇ 24 ਘੰਟਿਆਂ ਵਿਚ ਕੀਤੀ ਗਈ ਸੈਨਿਕ ਕਾਰਵਾਈ ਵਿਚ 25 ਤੋਂ ਵੱਧ ਤਾਲਿਬਾਨੀ ਅੱਤਵਾਦੀ ਮਾਰੇ ਗਏ ਅਤੇ 150 ਤੋਂ ਵੱਧ ਜ਼ਖਮੀ ਹੋ ਗਏ। ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੇ ਟਵਿੱਟਰ 'ਤੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਨੰਗਰਹਾਰ, ਲਗਮਨ, ਪਖਤਿਆ, ਜ਼ਾਬੂਲ, ਹੇਰਾਤ, ਫਰਾਹ, ਘੋਰ, ਫਰਿਆਬ, ਬਲਖ, ਜੋਵਜਾਨ, ਹੇਲਮੰਦ, ਤੱਖਰ ਅਤੇ ਬਲਗਾਨ ਪ੍ਰਾਂਤ ਵਿਚ #ANDSF ਆਪਰੇਸ਼ਨ ਦੇ ਨਤੀਜੇ ਵਜੋਂ 258 ਤਾਲੀਬਾਨ ਅੱਤਵਾਦੀ ਮਾਰੇ ਗਏ ਅਤੇ 156 ਜਖ਼ਮੀ ਹੋ ਗਏ।
ਇਸ ਤੋਂ ਇਲਾਵਾ ਏ.ਐਨ.ਏ. ਦੁਆਰਾ 76 ਆਈ.ਈ.ਡੀ. ਦੀ ਖੋਜ ਕੀਤੀ ਗਈ ਅਤੇ ਅਯੋਗ ਕੀਤੇ ਗਏ। ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਦਾ ਇਹ ਬਿਆਨ ਤਾਲਿਬਾਨ ਦੇ ਅਣ-ਐਲਾਨੇ ਵਸੰਤ ਹਮਲੇ ਕਾਰਨ ਹੋਈ ਹਿੰਸਾ ਵਿਚ ਵਾਧੇ ਵਿਚਕਾਰ ਆਇਆ ਹੈ। ਵੀਰਵਾਰ ਨੂੰ ਜ਼ਬੂਲ ਪ੍ਰਾਂਤ ਦੇ ਸ਼ਾਹ ਜੋਏ ਅਤੇ ਸ਼ਿੰਕਈ ਜ਼ਿਲ੍ਹਿਆਂ ਵਿਚ 19 ਤਾਲਿਬਾਨ ਅੱਤਵਾਦੀ ਮਾਰੇ ਗਏ ਅਤੇ ਅੱਠ ਹੋਰ ਜ਼ਖਮੀ ਹੋ ਗਏ। ਇੱਕ ਵੱਖਰੇ ਅਭਿਆਨ ਵਿਚ ਹੇਲਮੰਦ ਪ੍ਰਾਂਤ ਵਿਚ "ਅਬਦੁੱਲ ਰਹਿਮਾਨ" ਨਾਮ ਦੇ ਇੱਕ ਪ੍ਰਮੁੱਖ ਕਮਾਂਡਰ ਸਮੇਤ 19 ਤਾਲਿਬਾਨ ਅੱਤਵਾਦੀ ਮਾਰੇ ਗਏ।