ਨੋਟਾਂ ਨਾਲ ਭਰੇ ਹੈਲੀਕਾਪਟਰ ’ਚ ਦੇਸ਼ ਛੱਡ ਦੌੜੇ ਅਫਗਾਨ ਰਾਸ਼ਟਰਪਤੀ ਗਨੀ, ਰਨਵੇ ’ਤੇ ਛੱਡ ਗਏ ਵਾਧੂ ਨੋਟ

08/17/2021 12:44:55 PM

ਮਾਸਕੋ/ਕਾਬੁਲ (ਭਾਸ਼ਾ) : ਯੁੱਧ ਪ੍ਰਭਾਵਿਤ ਦੇਸ਼ ਅਫਗਾਨਿਸਤਾਨ ਤੋਂ ਭੱਜਦੇ ਹੋਏ ਰਾਸ਼ਟਰਪਤੀ ਅਸ਼ਰਫ ਗਨੀ ਨੇ ਆਪਣੇ ਹੈਲੀਕਾਪਟਰ ਵਿਚ ਨਕਦੀ ਭਰੀ ਪਰ ਜਗ੍ਹਾ ਦੀ ਕਮੀ ਕਾਰਨ ਨੋਟਾਂ ਨਾਲ ਭਰੇ ਕੁੱਝ ਬੈਗ ਰਨਵੇ ’ਤੇ ਹੀ ਛੱਡਣੇ ਪੈ ਗਏ। ਰੂਸ ਦੀ ਅਧਿਕਾਰਤ ਮੀਡੀਆ ਨੇ ਸੋਮਵਾਰ ਨੂੰ ਇਕ ਖ਼ਬਰ ਵਿਚ ਇਹ ਦਾਅਵਾ ਕੀਤਾ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਕਾਬੁਲ ’ਤੇ ਤਾਲਿਬਾਨ ਦੇ ਕਬਜ਼ੇ ਦੇ ਨਾਲ ਹੀ ਅਮਰੀਕਾ ਸਮਰਥਿਤ ਗਨੀ ਸਰਕਾਰ ਡਿੱਗ ਗਈ ਅਤੇ ਰਾਸ਼ਟਰਪਤੀ ਦੇਸ਼-ਵਿਦੇਸ਼ ਦੇ ਆਮ ਲੋਕਾਂ ਦੀ ਤਰ੍ਹਾਂ ਦੇਸ਼ ਛੱਡਣ ’ਤੇ ਮਜ਼ਬੂਰ ਹੋ ਗਏ। 

ਇਹ ਵੀ ਪੜ੍ਹੋ: ਅਫਗਾਨਿਸਤਾਨ ’ਤੇ 2 ਹਿੱਸਿਆਂ 'ਚ ਵੰਡੀ ਗਈ ਦੁਨੀਆ, ਇਨ੍ਹਾਂ ਦੇਸ਼ਾਂ ਨੇ ਤਾਲਿਬਾਨੀ ਸਰਕਾਰ ਦੀ ਕੀਤੀ ਹਮਾਇਤ

ਕਾਬੁਲ ਸਥਿਤ ਰੂਸੀ ਦੂਤਘਰ ਦਾ ਹਵਾਲਾ ਦਿੰਦੇ ਹੋਏ ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ‘ਤਾਸ’ ਨੇ ਖ਼ਬਰ ਦਿੱਤੀ ਹੈ ਕਿ 72 ਸਾਲਾ ਰਾਸ਼ਟਰਪਤੀ ਗਨੀ ਨਕਦੀ ਨਾਲ ਭਰਿਆ ਹੈਲੀਕਾਪਟਰ ਲੈ ਕੇ ਕਾਬੁਲ ਤੋਂ ਭੱਜੇ। ਖ਼ਬਰ ਵਿਚ ਦੂਤਘਰ ਦੇ ਇਕ ਕਰਮਚਾਰੀ ਦੇ ਹਵਾਲੇ ਤੋਂ ਕਿਹਾ ਗਿਆ ਹੈ, ‘ਉਨ੍ਹਾਂ ਦੇ (ਗਨੀ ਦੇ) ਸ਼ਾਸਨ ਦੇ ਖ਼ਤਮ ਹੋਣ ਦੇ ਕਾਰਨਾਂ ਨੂੰ, ਗਨੀ ਦੇ ਉਥੋਂ ਭੱਜਣ ਦੇ ਤਰੀਕੇ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ। 4 ਕਾਰਾਂ ਨਕਦੀ ਨਾਲ ਭਰੀਆਂ ਹੋਈਆਂ ਸਨ ਅਤੇ ਉਨ੍ਹਾਂ ਨੇ ਸਾਰਾ ਪੈਸਾ ਹੈਲੀਕਾਪਟਰ ਵਿਚ ਭਰਨ ਦੀ ਕੋਸ਼ਿਸ਼ ਕੀਤੀ ਪਰ ਸਾਰੀ ਨਕਦੀ ਹੈਲੀਕਾਪਟਰ ਵਿਚ ਨਹੀਂ ਭਰੀ ਜਾ ਸਕੀ ਅਤੇ ਉਨ੍ਹਾਂ ਨੂੰ ਕੁੱਝ ਨਕਦੀ ਰਨਵੇ ’ਤੇ ਹੀ ਛੱਡਣੀ ਪੈ ਗਈ।’

ਇਹ ਵੀ ਪੜ੍ਹੋ: ਲੱਖਾਂ ਖ਼ਰਚ ਕੇ ਵੀ ਵਿਦਿਆਰਥੀਆਂ ਲਈ ਆਸਟ੍ਰੇਲੀਆ ਅਤੇ ਕੈਨੇਡਾ ਪਹੁੰਚਣਾ ਹੋਇਆ ਮੁਸ਼ਕਲ

ਹਾਲਾਂਕਿ ਤਾਸ ਨੇ ਦੂਤਘਰ ਦੇ ਕਰਮਚਾਰੀ ਦਾ ਨਾਮ ਨਹੀਂ ਲਿਆ ਹੈ ਪਰ ਰੂਸੀ ਦੂਤਘਰ ਦੀ ਮਹਿਲਾ ਬੁਲਾਰਨ ਨਿਕਿਤਾ ਇਸ਼ੇਂਕੋ ਦੇ ਹਵਾਲੇ ਤੋਂ ਰੂਸੀ ਵਾਇਰ ਸੇਵਾ ‘ਸਪੂਤਨਿਕ’ ਨੇ ਖ਼ਬਰ ਦਿੱਤੀ ਹੈ ਕਿ ਕਾਬੁਲ ਤੋਂ ਭੱਜਣ ਦੌਰਾਨ ਗਨੀ ਦੇ ਕਾਫ਼ਲੇ ਵਿਚ ਨਕਦੀ ਨਾਲ ਭਰੀਆਂ ਕਾਰਾਂ ਸ਼ਾਮਲ ਸਨ। ਇਸ਼ੇਂਕੋ ਨੇ ਕਿਹਾ, ‘ਉਨ੍ਹਾਂ ਨੇ ਸਾਰਾ ਪੈਸਾ ਹੈਲੀਕਾਪਟਰ ਵਿਚ ਭਰਨ ਦੀ ਕੋਸ਼ਿਸ਼ ਕੀਤੀ ਪਰ ਜਗ੍ਹਾ ਦੀ ਕਮੀ ਨਾਲ ਅਜਿਹਾ ਨਹੀਂ ਹੋ ਸਕਿਆ। ਕੁੱਝ ਪੈਸਾ ਰਨਵੇ ’ਤੇ ਹੀ ਰਹਿ ਗਿਆ।’ ਮੀਡੀਆ ਵਿਚ ਆਈਆਂ ਖ਼ਬਰਾਂ ਮੁਤਾਬਕ ਗਨੀ ਅਫਗਾਨਿਸਤਾਨ ਤੋਂ ਭੱਜ ਕੇ ਸ਼ਾਇਦ ਗੁਆਂਢੀ ਦੇਸ਼ਾਂ ਤਜ਼ਾਕਿਸਤਾਨ ਜਾਂ ਉਜਬੇਕੀਸਤਾਨ ਗਏ ਹਨ। ਹਾਲਾਂਕਿ ਇਸ ਸਬੰਧ ਵਿਚ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। 

ਇਹ ਵੀ ਪੜ੍ਹੋ: ਕੰਪਿਊਟਰ ਤੋਂ ਵੀ ਤੇਜ਼ 8 ਸਾਲ ਦਾ ਬੱਚਾ, 5 ਮਿੰਟ ’ਚ ਦੱਸ ਦਿੱਤੇ 195 ਦੇਸ਼ਾਂ ਦੇ ਨਾਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News