ਤਾਲਿਬਾਨ ਨੇ ਨਹਿਰ ''ਚ ਵਹਾਈ 3000 ਲੀਟਰ ਸ਼ਰਾਬ, ਜਾਰੀ ਕੀਤੀ ਵੀਡੀਓ
Monday, Jan 03, 2022 - 01:40 PM (IST)
ਕਾਬੁਲ (ਬਿਊਰੋ): ਤਾਲਿਬਾਨ ਨੇ ਅਫਗਾਨਿਸਤਾਨ 'ਤੇ ਕਬਜ਼ਾ ਕਰਨ ਤੋਂ ਬਾਅਦ ਹੁਣ ਇਸਲਾਮਿਕ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ। ਐਤਵਾਰ ਨੂੰ ਤਾਲਿਬਾਨ ਦੇ ਖੁਫੀਆ ਏਜੰਟਾਂ ਦੀ ਇੱਕ ਟੀਮ ਨੇ ਕਾਬੁਲ ਵਿੱਚ ਹਜ਼ਾਰਾਂ ਲੀਟਰ ਸ਼ਰਾਬ ਜ਼ਬਤ ਕੀਤੀ। ਇਨ੍ਹਾਂ ਏਜੰਟਾਂ ਨੇ ਜ਼ਬਤ ਕੀਤੀ ਸ਼ਰਾਬ ਨੂੰ ਕੈਮਰੇ ਦੇ ਸਾਹਮਣੇ ਕਾਬੁਲ ਦੀ ਇੱਕ ਨਹਿਰ ਵਿੱਚ ਸੁੱਟ ਦਿੱਤਾ। ਤਾਲਿਬਾਨ ਨੇ ਅਫਗਾਨ ਮੁਸਲਮਾਨਾਂ ਨੂੰ ਸ਼ਰਾਬ ਬਣਾਉਣ ਅਤੇ ਉਸ ਦੀ ਵਿਕਰੀ ਬੰਦ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ।
ਜਾਰੀ ਕੀਤੀ ਵੀਡੀਓ
ਤਾਲਿਬਾਨ ਦੇ ਡਾਇਰੈਕਟੋਰੇਟ ਜਨਰਲ ਆਫ਼ ਇੰਟੈਲੀਜੈਂਸ (ਜੀਡੀਆਈ) ਦੁਆਰਾ ਜਾਰੀ ਕੀਤੀ ਗਈ ਵੀਡੀਓ ਫੁਟੇਜ ਵਿੱਚ ਦਿਖਾਇਆ ਗਿਆ ਹੈ ਕਿ ਇਸ ਦੇ ਏਜੰਟ ਕਾਬੁਲ ਵਿੱਚ ਇੱਕ ਛਾਪੇਮਾਰੀ ਦੌਰਾਨ ਇੱਕ ਨਹਿਰ ਵਿੱਚ ਸ਼ਰਾਬ ਦੇ ਬੈਰਲ ਸੁੱਟ ਰਹੇ ਹਨ। ਐਤਵਾਰ ਨੂੰ ਟਵਿੱਟਰ 'ਤੇ ਸ਼ੇਅਰ ਕੀਤੇ ਗਏ ਵੀਡੀਓ 'ਚ ਇਕ ਖੁਫੀਆ ਅਧਿਕਾਰੀ ਨੇ ਕਿਹਾ ਕਿ ਮੁਸਲਮਾਨਾਂ ਨੂੰ ਸ਼ਰਾਬ ਬਣਾਉਣ ਅਤੇ ਵੇਚਣ ਦੇ ਕਾਰੋਬਾਰ ਤੋਂ ਗੰਭੀਰਤਾ ਨਾਲ ਪਰਹੇਜ਼ ਕਰਨਾ ਚਾਹੀਦਾ ਹੈ।
د ا.ا.ا د استخباراتو لوی ریاست ځانګړې عملیاتي قطعې د یو لړ مؤثقو کشفي معلومات پر اساس د کابل ښار کارته چهار سیمه کې درې تنه شراب پلورونکي له شاوخوا درې زره لېتره شرابو/الکولو سره یو ځای ونیول.
— د استخباراتو لوی ریاست-GDI (@GDI1415) January 1, 2022
نیول شوي شراب له منځه یوړل شول او شراب پلورونکي عدلي او قضايي ارګانونو ته وسپارل شول. pic.twitter.com/qD7D5ZIsuL
ਕੀਤੀਆਂ ਗਈਆਂ ਗ੍ਰਿਫ਼ਤਾਰੀਆਂ
ਹਾਲਾਂਕਿ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਛਾਪੇਮਾਰੀ ਕਦੋਂ ਕੀਤੀ ਗਈ ਸੀ ਜਾਂ ਸ਼ਰਾਬ ਦੀ ਖੇਪ ਕਦੋਂ ਨਸ਼ਟ ਕੀਤੀ ਗਈ। ਇਸ ਦੇ ਬਾਵਜੂਦ ਤਾਲਿਬਾਨ ਦੀ ਖੁਫੀਆ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਇਸ ਛਾਪੇਮਾਰੀ ਦੌਰਾਨ ਤਿੰਨ ਡੀਲਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਲੋਕਾਂ 'ਤੇ ਇਸਲਾਮਿਕ ਕਾਨੂੰਨ ਮੁਤਾਬਕ ਮੁਕੱਦਮਾ ਚਲਾਇਆ ਜਾਵੇਗਾ ਅਤੇ ਸਜ਼ਾ ਤੈਅ ਕੀਤੀ ਜਾਵੇਗੀ। ਇਸਲਾਮ ਵਿੱਚ ਸ਼ਰਾਬ ਨੂੰ ਹਰਾਮ ਮੰਨਿਆ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਪੈਂਡੋਰਾ ਪੇਪਰਜ਼ : 700 ਪਾਕਿਸਤਾਨੀਆਂ ਦੀ ਜਾਂਚ 'ਚ ਕੁਝ ਖਾਸ ਲੱਭ ਨਹੀਂ ਸਕੀ ਇਮਰਾਨ ਸਰਕਾਰ
ਅਫਗਾਨਿਸਤਾਨ ਦੀ ਪਿਛਲੀ ਪੱਛਮੀ ਸਮਰਥਿਤ ਸਰਕਾਰ ਦੌਰਾਨ ਵੀ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ ਲਗਾਈ ਗਈ ਸੀ। ਤਾਲਿਬਾਨ ਨੇ ਅਫਗਾਨਿਸਤਾਨ 'ਤੇ ਕਬਜ਼ਾ ਕਰਨ ਤੋਂ ਬਾਅਦ ਇਸ ਕਾਨੂੰਨ ਨੂੰ ਹੋਰ ਸਖ਼ਤੀ ਨਾਲ ਲਾਗੂ ਕੀਤਾ ਹੈ। ਤਾਲਿਬਾਨ ਨੇ ਦੇਸ਼ ਭਰ ਵਿੱਚ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਦੇ ਖਿਲਾਫ ਕਈ ਛਾਪੇਮਾਰੀ ਵੀ ਕੀਤੀ ਹੈ। ਇਸ ਵਿਚ ਅਫੀਮ ਅਤੇ ਹੋਰ ਨਸ਼ੀਲੇ ਪਦਾਰਥਾਂ ਦੇ ਨਿਰਮਾਣ ਅਤੇ ਤਸਕਰੀ 'ਤੇ ਵੀ ਕਾਰਵਾਈ ਕੀਤੀ ਗਈ ਹੈ।
ਤਾਲਿਬਾਨ ਦੀ ਕਮਾਈ ਦੇ ਸਾਧਨ
ਅਫਗਾਨਿਸਤਾਨ ਵਿਚ ਨਾਗਰਿਕ ਸ਼ਾਸਨ ਦੌਰਾਨ ਵੀ ਇੱਕ ਵੱਡੇ ਹਿੱਸੇ 'ਤੇ ਤਾਲਿਬਾਨ ਦਾ ਕੰਟਰੋਲ ਸੀ। ਅੱਤਵਾਦੀ ਸਮੂਹ ਇਨ੍ਹਾਂ ਖੇਤਰਾਂ ਤੋਂ ਵਿਦਰੋਹ ਨੂੰ ਵਿੱਤਪੋਸ਼ਿਤ ਕਰਨ ਲਈ ਭਾਰੀ ਮਾਤਰਾ ਵਿੱਚ ਪੈਸਾ ਵਸੂਲਦਾ ਸੀ। ਤਾਲਿਬਾਨ ਨੇ ਇਕੱਲੇ 2019-20 ਵਿਚ ਵੱਖ-ਵੱਖ ਸਰੋਤਾਂ ਤੋਂ 1.6 ਬਿਲੀਅਨ ਡਾਲਰ ਦੀ ਕਮਾਈ ਕੀਤੀ। ਤਾਲਿਬਾਨ ਨੇ ਖਾਸ ਤੌਰ 'ਤੇ ਉਸ ਸਾਲ ਅਫੀਮ ਵੇਚ ਕੇ 416 ਮਿਲੀਅਨ ਡਾਲਰ ਕਮਾਏ। ਖਣਿਜ ਲੋਹੇ, ਸੰਗਮਰਮਰ ਅਤੇ ਸੋਨੇ ਵਰਗੇ ਖਣਿਜਾਂ ਤੋਂ 400 ਮਿਲੀਅਨ ਡਾਲਰ ਤੋਂ ਵੱਧ ਦੀ ਕਮਾਈ ਕੀਤੀ ਅਤੇ ਨਿੱਜੀ ਦਾਨੀਆਂ ਅਤੇ ਸਮੂਹਾਂ ਦੇ ਦਾਨ ਤੋਂ 240 ਮਿਲੀਅਨ ਡਾਲਰ ਦੀ ਕਮਾਈ ਕੀਤੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।