ਐਡਵੋਕੇਟ ਨਰਿੰਦਰ ਚਾਹਲ ਦੀ ਪੁਸਤਕ “ਅਦਾਲਤਾਂ ਅੰਦਰਲਾ ਸੱਚ” ਫਰਿਜ਼ਨੋ ਵਿਖੇ ਰਿਲੀਜ਼
Wednesday, Oct 22, 2025 - 09:28 PM (IST)

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ)-: ਫਰਿਜ਼ਨੋ ਵਿੱਚ ਲੰਘੇ ਐਤਵਾਰ ਇੰਡੋ ਯੂ.ਐਸ. ਹੈਰੀਟੇਜ਼ ਵੱਲੋਂ ਗਦਰੀ ਬਾਬਿਆਂ ਦੀ ਯਾਦ ਵਿੱਚ ਆਯੋਜਿਤ ਮੇਲੇ ਦੌਰਾਨ ਇਸ ਵਿਸ਼ੇਸ਼ ਮੌਕੇ ਤੇ ਐਡਵੋਕੇਟ ਨਰਿੰਦਰ ਸਿੰਘ ਚਾਹਲ ਦੀ ਨਵੀਂ ਪੁਸਤਕ “ਅਦਾਲਤਾਂ ਅੰਦਰਲਾ ਸੱਚ” ਰਿਲੀਜ਼ ਕੀਤੀ ਗਈ । ਇਸ ਪੁਸਤਕ ਦੇ ਰਲੀਜ਼ ਨਾਲ ਇੰਡੋ ਯੂ.ਐਸ. ਹੈਰੀਟੇਜ ਨੂੰ ਇੱਕ ਅਹਿਮ ਸਨਮਾਨ ਪ੍ਰਾਪਤ ਹੋਇਆ।
ਇਹ ਪੁਸਤਕ ਇੱਕ ਅਨੁਭਵੀ ਵਕੀਲ ਵਜੋਂ ਐਡਵੋਕੇਟ ਨਰਿੰਦਰ ਚਾਹਲ ਦੇ ਅਦਾਲਤੀ ਜੀਵਨ ਦੇ ਤਜਰਬਿਆਂ ਤੇ ਆਧਾਰਿਤ ਹੈ। ਇਸ ਵਿੱਚ ਉਨ੍ਹਾਂ ਨੇ ਭਾਰਤੀ ਨਿਆਂ ਪ੍ਰਣਾਲੀ ਅੰਦਰ ਮੌਜੂਦ ਕਈ ਖਾਮੀਆਂ ਅਤੇ ਭ੍ਰਿਸ਼ਟ ਪ੍ਰਬੰਧਾਂ ਦੀ ਖੁਲ੍ਹੀ ਚਰਚਾ ਕੀਤੀ ਹੈ। ਪੁਸਤਕ ਦਾ ਉਦੇਸ਼ ਆਮ ਪਾਠਕ ਨੂੰ ਅਦਾਲਤਾਂ ਦੇ ਅੰਦਰਲੇ ਸੱਚ ਤੋਂ ਜਾਣੂੰ ਕਰਵਾਉਣਾ ਅਤੇ ਸਿਸਟਮ ਦੀ ਹਕੀਕਤ ਸਾਹਮਣੇ ਲਿਆਉਣਾ ਹੈ। ਚਾਹਲ ਨੇ ਕਿਹਾ ਕਿ ਇਹ ਪੁਸਤਕ ਉਹਨਾਂ ਸਾਰਿਆਂ ਲਈ ਹੈ ਜੋ ਨਿਆਂ ਪ੍ਰਕਿਰਿਆ ਨੂੰ ਸਮਝਣਾ ਚਾਹੁੰਦੇ ਹਨ।
ਇਸ ਮੌਕੇ ਸੰਸਥਾ ਦੇ ਕਨਵੀਨਰ ਸਾਧੂ ਸਿੰਘ ਸੰਘਾ ਨੇ ਐਡਵੋਕੇਟ ਨਰਿੰਦਰ ਚਾਹਲ ਨੂੰ ਪੁਸਤਕ ਦੇ ਪ੍ਰਕਾਸ਼ਨ ਲਈ ਵਧਾਈ ਦਿੰਦਿਆਂ ਕਿਹਾ ਕਿ ਚਾਹਲ ਹਮੇਸ਼ਾਂ ਲੋਕ ਪੱਖੀ ਲਹਿਰਾਂ ਅਤੇ ਸੱਚਾਈ ਦੇ ਸਾਥੀ ਰਹੇ ਹਨ। ਉਹ ਇੱਕ ਵਿਦਿਆਰਥੀ ਆਗੂ ਵਜੋਂ ਉੱਭਰੇ ਅਤੇ ਕਈ ਸਮਾਜਿਕ ਮੁੱਦਿਆਂ ‘ਤੇ ਅਵਾਜ਼ ਉਠਾਈ। ਸੰਘਾ ਨੇ ਕਿਹਾ ਕਿ “ਅਦਾਲਤਾਂ ਅੰਦਰਲਾ ਸੱਚ” ਸਿਰਫ਼ ਇੱਕ ਪੁਸਤਕ ਨਹੀਂ, ਸਗੋਂ ਸੱਚ ਦੀ ਰਾਹ ‘ਤੇ ਚੱਲ ਰਹੇ ਇਕ ਜ਼ਿੰਮੇਵਾਰ ਮਨੁੱਖ ਦੀ ਆਵਾਜ਼ ਹੈ।
ਇਸ ਪੁਸਤਕ ਨੂੰ ਹਾਜ਼ਰ ਦਰਸ਼ਕਾਂ ਵੱਲੋਂ ਕਾਫ਼ੀ ਸਰਾਹਨਾ ਮਿਲੀ। ਕਈ ਬੁਲਾਰਿਆਂ ਨੇ ਇਸਨੂੰ ਇਕ “ਇਤਿਹਾਸਕ ਦਸਤਾਵੇਜ਼” ਦੱਸਦੇ ਹੋਏ ਕਿਹਾ ਕਿ ਇਹ ਪੁਸਤਕ ਉਹਨਾਂ ਲਈ ਅੱਖਾਂ ਖੋਲ੍ਹਣ ਵਾਲੀ ਹੋਵੇਗੀ ਜੋ ਨਿਆਂ ਪ੍ਰਣਾਲੀ ਦੀਆਂ ਹਕੀਕਤਾਂ ਤੋਂ ਅਣਜਾਣ ਹਨ।ਇੰਡੋ ਯੂ.ਐਸ. ਹੈਰੀਟੇਜ ਵੱਲੋਂ ਐਡਵੋਕੇਟ ਨਰਿੰਦਰ ਚਾਹਲ ਨੂੰ ਪੁਸਤਕ ਦੇ ਰਲੀਜ਼ ਮੌਕੇ ਸਨਮਾਨਿਤ ਵੀ ਕੀਤਾ ਗਿਆ ਅਤੇ ਉਨ੍ਹਾਂ ਦੇ ਸੱਚਾਈ ਪ੍ਰਤੀ ਸਮਰਪਣ ਲਈ ਧੰਨਵਾਦ ਕੀਤਾ ਗਿਆ।ਇਹ ਸਮਾਰੋਹ ਫਰਿਜ਼ਨੋ ਦੀ ਧਰਤੀ ‘ਤੇ ਸੱਚ ਅਤੇ ਨਿਆਂ ਦੀ ਆਵਾਜ਼ ਨੂੰ ਨਵੀਂ ਮਾਲ਼ਾ ਵਿੱਚ ਪਰੋਂਦਾ ਮਹਿਸੂਸ ਹੋਇਆ।