ਟਰੰਪ ਨੂੰ ਆਗਾਮੀ ਰਾਸ਼ਟਰਪਤੀ ਚੋਣ ਦੀ ਉਮੀਦਵਾਰੀ ਸਬੰਧੀ ਘੋਸ਼ਣਾ ਮੁਲਤਵੀ ਕਰਨ ਦੀ ਸਲਾਹ
Thursday, Nov 10, 2022 - 05:46 PM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਰਾਸ਼ਟਰਪਤੀ ਅਹੁਦੇ ਦੀਆਂ ਆਗਾਮੀ ਚੋਣਾਂ ਲਈ ਰਿਪਬਲਿਕਨ ਵੱਲੋਂ ਉਮੀਦਵਾਰੀ ਦੀ ਤਿਆਰੀ ਕਰ ਰਹੇ ਹਨ ਅਤੇ ਅਜਿਹੇ ਵਿਚ ਮੰਗਲਵਾਰ ਨੂੰ ਹੋਈਆਂ ਮੱਧਕਾਲੀ ਚੋਣਾਂ ਤੋਂ ਬਾਅਦ ਉਨ੍ਹਾਂ ਦੇ ਇਸ ਸਬੰਧ ਵਿਚ ਫੈਸਲੇ ਨੂੰ ਟਾਲਣ ਦੀ ਮੰਗ ਉੱਠ ਰਹੀ ਹੈ। ਰਿਪਬਲਿਕਨ ਪਾਰਟੀ ਲਈ ਮੰਗਲਵਾਰ ਰਾਤ ਦੇ ਨਿਰਾਸ਼ਾਜਨਕ ਨਤੀਜੇ ਟਰੰਪ ਦੀ ਅਪੀਲ ਅਤੇ ਪਾਰਟੀ ਦੇ ਭਵਿੱਖ ਬਾਰੇ ਨਵੇਂ ਸਵਾਲ ਖੜ੍ਹੇ ਕਰ ਰਹੇ ਹਨ।
ਟਰੰਪ ਦੇ ਕੁਝ ਸਹਿਯੋਗੀ ਉਨ੍ਹਾਂ ਨੂੰ ਅਗਲੇ ਹਫਤੇ ਆਪਣੀ ਪ੍ਰਸਤਾਵਿਤ ਘੋਸ਼ਣਾ ਨੂੰ ਮੁਲਤਵੀ ਕਰਨ ਦੀ ਸਲਾਹ ਦੇ ਰਹੇ ਹਨ ਅਤੇ ਕਹਿ ਰਹੇ ਹਨ ਕਿ ਪਾਰਟੀ ਦਾ ਧਿਆਨ ਜਾਰਜੀਆ 'ਤੇ ਹੋਣਾ ਚਾਹੀਦਾ ਹੈ, ਜਿੱਥੇ ਟਰੰਪ-ਸਮਰਥਿਤ ਸਾਬਕਾ ਫੁੱਟਬਾਲ ਖਿਡਾਰੀ ਹਰਸ਼ੇਲ ਵਾਕਰ ਦੀ ਕੋਸ਼ਿਸ਼ ਡੈਮੋਕਰੇਟਿਕ ਸੈਨੇਟਰ ਰਾਫੇਲ ਵਾਰਨੌਕ ਨੂੰ ਹਰਾਉਣ ਦੀ ਹੈ। ਟਰੰਪ ਦੇ ਸਾਬਕਾ ਸਲਾਹਕਾਰ ਜੇਸਨ ਮਿਲਰ ਨੇ ਕਿਹਾ, 'ਮੈਂ ਉਨ੍ਹਾਂ ਨੂੰ ਸਲਾਹ ਦੇਵਾਂਗਾ ਕਿ ਉਹ ਜਾਰਜੀਆ ਵਿੱਚ ਅੰਤਿਮ ਫੈਸਲਾ ਹੋਣ ਤੱਕ ਆਪਣੀ ਘੋਸ਼ਣਾ ਨੂੰ ਮੁਲਤਵੀ ਕਰਨ।'
ਮੰਗਲਵਾਰ ਦੀ ਰਾਤ ਫਲੋਰੀਡਾ ਦੇ ਮਾਰਲਾਗੋ ਕਲੱਬ ਵਿੱਚ ਸਾਬਕਾ ਰਾਸ਼ਟਰਪਤੀ ਦੇ ਨਾਲ ਡਟੇ ਮਿਲਰ ਨੇ ਕਿਹਾ, "ਦੇਸ਼ ਦੇ ਹਰ ਰਿਪਬਲਿਕਨ ਨੂੰ ਇਸ ਸਮੇਂ ਜਾਰਜੀਆ ਉੱਤੇ ਧਿਆਨ ਦੇਣ ਦੀ ਲੋੜ ਹੈ।" ਟਰੰਪ ਨੇ 2020 ਦੀਆਂ ਮੱਧਕਾਲੀ ਚੋਣਾਂ ਵਿਚ ਵ੍ਹਾਈਟ ਹਾਊਸ ਦੀ ਦੌੜ ਹਾਰਨ ਤੋਂ ਬਾਅਦ ਆਪਣਾ ਸਿਆਸੀ ਪ੍ਰਭਾਵ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ।