ਦੱਖਣੀ ਆਸਟਰੇਲੀਆ ''ਚ ਕਰੇਨ ਹਾਦਸੇ ''ਚ ਵਰਕਰ ਦੀ ਮੌਤ

06/14/2017 12:33:01 PM

ਐਡੀਲੇਡ— ਦੱਖਣੀ ਆਸਟਰੇਲੀਆ ਦੇ ਸ਼ਹਿਰ ਐਡੀਲੇਡ 'ਚ ਇਕ ਸੜਕ ਪ੍ਰਾਜੈਕਟ ਦੇ ਕੰਮ 'ਚ ਲੱਗੇ ਵਰਕਰ ਦੀ ਕਰੇਨ 'ਚ ਫਸਣ ਕਾਰਨ ਮੌਤ ਹੋ ਗਈ। ਆਸਟਰੇਲੀਅਨ ਪ੍ਰੀਮੀਅਰ ਜੇ ਵੈਦਰਰੀਲ ਨੇ ਕਿਹਾ ਕਿ ਇਸ ਦੁਖਦਾਈ ਘਟਨਾ ਕਾਰਨ ਵਰਕਰ ਦੇ ਪਰਿਵਾਰ ਨੂੰ ਵੱਡਾ ਦੁੱਖ ਪਹੁੰਚਿਆ ਹੈ ਅਤੇ ਅਸੀਂ ਮ੍ਰਿਤਕ ਦੇ ਪਰਿਵਾਰ ਪ੍ਰਤੀ ਹਮਦਰਦੀ ਜ਼ਾਹਰ ਕਰਦੇ ਹਾਂ। 
ਦੱਸਣ ਯੋਗ ਹੈ ਕਿ ਮੰਗਲਵਾਰ ਦੀ ਰਾਤ ਨੂੰ ਸ਼ਹਿਰ ਦੇ ਦੱਖਣੀ ਉਪਨਗਰਾਂ 'ਚ ਇਕ ਸੜਕ ਪ੍ਰਾਜੈਕਟ ਦਾ ਕੰਮ ਚੱਲ ਰਿਹਾ ਸੀ, ਜਿਸ 'ਚ 35 ਸਾਲਾ ਕਰੇਨ ਵਰਕਰ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪ੍ਰਾਜੈਕਟ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਪ੍ਰੀਮੀਅਰ ਨੇ ਵਾਅਦਾ ਕੀਤਾ ਕਿ ਘਟਨਾ ਕਿਸ ਤਰ੍ਹਾਂ ਵਾਪਰੀ, ਇਸ ਬਾਰੇ ਪਤਾ ਲਾਇਆ ਜਾਵੇਗਾ। 
ਪ੍ਰੀਮੀਅਰ ਨੇ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਤੁਸੀਂ ਮਕੈਨੀਕਲ ਸਾਜ਼ੋ-ਸਾਮਾਨ ਨਾਲ ਕੰਮ ਕਰਦੇ ਹੋ ਤਾਂ ਸੁਰੱਖਿਆ ਬਹੁਤ ਹੀ ਜ਼ਰੂਰੀ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਅਸੀਂ ਇਹ ਪਤਾ ਨਹੀਂ ਲੱਗਾ ਲੈਂਦੇ ਕਿ ਕੀ ਹੋਇਆ ਹੈ, ਅਸੀਂ ਹੱਥ 'ਤੇ ਹੱਥ ਧਰ ਕੇ ਨਹੀਂ ਬੈਠ ਸਕਦੇ। ਸਾਨੂੰ ਪਤਾ ਲੱਗੇ ਕਿ ਖਾਮੀਆਂ ਕਿੱਥੇ ਹਨ ਅਤੇ ਅਸੀਂ ਇਸ ਦਾ ਹੱਲ ਲੱਭਣ ਲਈ ਕਦਮ ਚੁੱਕਾਂਗੇ। ਵਰਕਰਾਂ ਦੀ ਸੁਰੱਖਿਆ ਸਭ ਤੋਂ ਜ਼ਰੂਰੀ ਹੈ। ਦੱਸਣ ਯੋਗ ਹੈ ਕਿ ਕੰਮ ਵਾਲੀ ਥਾਂ 'ਤੇ ਇਸ ਸਾਲ ਦੱਖਣੀ ਆਸਟਰੇਲੀਆ 'ਚ ਇਹ ਤੀਜੀ ਮੌਤ ਹੈ।


Related News