ਦੱਖਣੀ ਆਸਟ੍ਰੇਲੀਆ 'ਚ ਸੜਕ ਹਾਦਸੇ 'ਚ ਪੰਜਾਬੀ ਦੀ ਮੌਤ, 3 ਸਾਲ ਪਹਿਲਾਂ ਭੈਣ ਵੀ ਹੋਈ ਸੀ ਹਾਦਸੇ ਦੀ ਸ਼ਿਕਾਰ

11/25/2017 12:19:48 PM

ਐਡੀਲੇਡ (ਏਜੰਸੀ)— ਦੱਖਣੀ ਆਸਟ੍ਰੇਲੀਆ ਦੇ ਐਡੀਲੇਡ 'ਚ ਸੜਕ ਹਾਦਸੇ ਵਿਚ ਇਕ ਪੰਜਾਬੀ ਦੀ ਮੌਤ ਹੋ ਗਈ ਹੈ। ਮ੍ਰਿਤਕ ਪੰਜਾਬੀ ਦਾ ਨਾਂ ਮਨਜੀਤ ਢਡਵਾਲ ਹੈ। ਮਨਜੀਤ ਦੀ ਉਮਰ 60 ਸਾਲ ਸੀ। ਇਹ ਹਾਦਸਾ ਬੀਤੇ ਬੁੱਧਵਾਰ 23 ਨਵੰਬਰ ਦੀ ਰਾਤ 11.00 ਵਜੇ ਐਨਜੈਕ ਹਾਈਵੇਅ 'ਤੇ ਵਾਪਰਿਆ। ਪੁਲਸ ਵਲੋਂ ਕੀਤੀ ਗਈ ਜਾਂਚ 'ਚ ਸਾਹਮਣੇ ਆਇਆ ਕਿ ਮ੍ਰਿਤਕ ਪੰਜਾਬੀ ਸੀ।
ਮਨਜੀਤ ਦੇ ਪੁੱਤਰ ਹਰੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਾ ਐਡੀਲੇਡ 'ਚ ਆਪਣਾ ਬਿਜ਼ਨੈੱਸ ਸੀ ਅਤੇ ਬੁੱਧਵਾਰ ਦੀ ਰਾਤ ਨੂੰ ਉਹ ਆਪਣੇ ਕੰਮ ਤੋਂ ਘਰ ਪਰਤ ਰਹੇ ਸਨ ਕਿ ਹਾਈਵੇਅ ਨੂੰ ਪਾਰ ਕਰਨ ਦੌਰਾਨ ਟੈਕਸੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਡਿੱਗ ਪਏ ਅਤੇ ਸਿਰ 'ਤੇ ਡੂੰਘੀ ਸੱਟ ਲੱਗੀ। ਮੌਕੇ 'ਤੇ ਪੁਲਸ ਅਤੇ ਐਮਰਜੈਂਸੀ ਅਧਿਕਾਰੀਆਂ ਪੁੱਜੇ ਅਤੇ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੇ ਜਾਣ ਦੇ ਬਾਵਜੂਦ ਉਨ੍ਹਾਂ ਦੀ ਮੌਤ ਹੋ ਗਈ। ਟੈਕਸੀ ਡਰਾਈਵਰ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਜੋ ਕਿ ਜਾਂਚ ਵਿਚ ਪੁਲਸ ਦੀ ਮਦਦ ਕਰ ਰਿਹਾ ਹੈ।

PunjabKesari
ਅਧਿਕਾਰੀਆਂ ਨੇ ਢਡਵਾਲ ਨੂੰ ਘਟਨਾ ਵਾਲੀ ਥਾਂ 'ਤੇ ਮ੍ਰਿਤਕ ਐਲਾਨ ਕਰ ਦਿੱਤਾ। ਓਧਰ ਢਡਵਾਲ ਦੇ ਭਤੀਜੇ ਬੀਕ ਸਿੰਘ ਨੇ ਕਿਹਾ ਕਿ ਢਡਵਾਲ ਮੇਰੇ ਸਿਰਫ ਚਾਚਾ ਜੀ ਨਹੀਂ ਸਨ, ਸਗੋਂ ਕਿ ਮੇਰੇ ਇਕ ਚੰਗੇ ਦੋਸਤ ਸਨ। ਉਨ੍ਹਾਂ ਦੇ ਜਾਣ ਦਾ ਡੂੰਘਾ ਦੁੱਖ ਹੈ। ਇੱਥੇ ਦੱਸਣਯੋਗ ਹੈ ਕਿ ਤਿੰਨ ਸਾਲ ਪਹਿਲਾਂ 2014 'ਚ ਢਡਵਾਲ ਦੀ ਭੈਣ ਦੀ ਵੀ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਉਨ੍ਹਾਂ ਦਾ ਨਾਂ ਹਰਵਿੰਦਰ ਕੌਰ ਸੀ ਢਡਵਾਲ ਦੇ ਭਤੀਜੇ ਨੇ ਕਿਹਾ ਕਿ ਮੈਂ ਨਹੀਂ ਜਾਣਦਾ ਕਿ ਅਜਿਹਾ ਕਿਉਂ ਹੁੰਦਾ ਹੈ, ਰੱਬ ਸਾਡੇ ਨਾਲ ਹੀ ਅਜਿਹਾ ਕਿਉਂ ਕਰਦਾ ਹੈ।


Related News