ਬਰੈਂਪਟਨ ਦਾ ਅਭਿਨਵ ਵੇਕਟਰ ਕੈਨੇਡੀਅਨ ਰੈਵੀਨਿਉ ਏਜੰਸੀ ਘੁਟਾਲੇ ''ਚ ਗ੍ਰਿਫ਼ਤਾਰ
Friday, Dec 25, 2020 - 09:27 AM (IST)
ਨਿਊਯਾਰਕ/ਟੋਰਾਂਟੋ, ( ਰਾਜ ਗੋਗਨਾ)— ਆਰ. ਸੀ. ਐੱਮ. ਪੀ. ਦੇ ਵਿੱਤੀ ਅਪਰਾਧ ਵਿਭਾਗ ਨੇ ਓਂਟਾਰੀਓ ਦੇ ਸ਼ਹਿਰ ਬਰੈਂਪਟਨ ਦੇ ਇਕ 25 ਸਾਲਾ ਨੌਜਵਾਨ ਅਭਿਨਵ ਵੇਕਟਰ ਨੂੰ ਕੈਨੇਡੀਅਨ ਰੈਵੀਨਿਉ ਏਜੰਸੀ( CRA) ਫਰਾਡ ਫੋਨ ਘੁਟਾਲੇ ਸਣੇ ਕਈ ਅੰਤਰਰਾਸ਼ਟਰੀ ਫੋਨ ਧੋਖਾਧੜੀ ਮਾਮਲਿਆਂ ਵਿਚ ਗ੍ਰਿਫ਼ਤਾਰ ਕੀਤਾ ਹੈ।
ਯਾਦ ਰਹੇ ਇਸ ਤੋਂ ਪਹਿਲਾਂ ਇਸੇ ਸਾਲ ਫਰਵਰੀ ਵਿਚ ਬਰੈਂਪਟਨ ਦੇ ਗੁਰਿੰਦਰਪ੍ਰੀਤ ਧਾਲੀਵਾਲ ਅਤੇ ਇੰਦਰਪ੍ਰੀਤ ਧਾਲੀਵਾਲ ਨੂੰ ਵੀ ਇਸੇ ਤਰ੍ਹਾਂ ਦੇ ਘੁਟਾਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਆਰ. ਸੀ. ਐੱਮ. ਪੀ. ਨੇ ਪ੍ਰੋਜੈਕਟ ਓਕਟੀਵੀਆ ਦੇ ਹਿੱਸੇ ਵਜੋਂ ਇਕ ਬਰੈਂਪਟਨ ਦੇ ਰਹਿਣ ਵਾਲੇ ਅਭਿਨਵ ਵੇਕਟਰ ਨੂੰ ਗ੍ਰਿਫਤਾਰ ਕੀਤਾ ਹੈ, ਇਹ ਪ੍ਰੋਜੈਕਟ ਕੈਨੇਡੀਅਨਾਂ ਨੂੰ ਨਿਸ਼ਾਨਾ ਬਣਾ ਰਹੇ ਟੈਲੀਫੋਨ ਧੋਖੇਬਾਜ਼ਾਂ ਦਾ ਮੁਕਾਬਲਾ ਕਰਨ ਲਈ ਅਕਤੂਬਰ, 2018 ਵਿਚ ਸ਼ੁਰੂ ਕੀਤਾ ਗਿਆ ਸੀ। ਅਭਿਨਵ ਵੇਕਟਰ ਦੇ ਨਾਲ-ਨਾਲ ਕੈਨੇਡਾ ਅਤੇ ਭਾਰਤ ਵਿਖੇ ਸਥਾਨਕ ਪੁਲਸ ਦੀ ਮਦਦ ਨਾਲ 10 ਹੋਰ ਮੁਲਜ਼ਮ ਵੀ ਹੁਣ ਤੱਕ ਕਾਬੂ ਆ ਚੁੱਕੇ ਹਨ । ਸਾਲ 2014 ਅਤੇ 2020 ਵਿਚਾਲੇ, ਇਕੱਲੇ ਸੀ. ਆਰ. ਏ. ਘੁਟਾਲੇ ਦੇ ਨਤੀਜੇ ਵਜੋਂ 18.5 ਮਿਲੀਅਨ ਡਾਲਰ ਦੀ ਧੋਖਾਧੜੀ ਹੋ ਚੁੱਕੀ ਸੀ ।
ਅਕਤੂਬਰ, 2020 ਤੱਕ ਸੀ. ਆਰ. ਏ. , ਬੈਂਕ ਜਾਂਚਕਰਤਾ ,ਨਕਲੀ ਆਰ. ਸੀ. ਐੱਮ. ਪੀ. ਅਫਸਰਾਂ ਅਤੇ ਤਕਨੀਕੀ ਸਹਾਇਤਾ ਘੁਟਾਲਿਆਂ ਵਜੋਂ ਹੋਏ ਘਾਟੇ 34 ਮਿਲੀਅਨ ਤੋਂ ਵੱਧ ਦੇ ਹਨ। ਇਸ ਜਾਂਚ ਦੌਰਾਨ, ਆਰ. ਸੀ. ਐੱਮ. ਪੀ. ਦੇ ਤਫ਼ਤੀਸ਼ਕਾਰਾਂ ਨੇ ਉਨ੍ਹਾਂ ਵਿੱਤੀ ਪ੍ਰਬੰਧਕਾਂ ਦਾ ਵੀ ਪਰਦਾਫਾਸ਼ ਕੀਤਾ ਹੈ, ਜਿਨ੍ਹਾਂ ਨੇ ਕੈਨੇਡਾ ਦੇ ਅੰਦਰ ਅਤੇ ਵਿਦੇਸ਼ੀ ਧਰਤੀ 'ਤੇ ਕੀਤੇ ਜਾ ਰਹੇ ਜੁਰਮਾਂ ਵਿਚ ਮਦਦ ਕੀਤੀ ਸੀ । ਬਰੈਂਪਟਨ ਦੀ ਅਦਾਲਤ ਵਿਖੇ ਅਭਿਨਵ ਵੇਕਟਰ ਦੀ ਪੇਸ਼ੀ 18 ਜਨਵਰੀ, 2021 ਦੀ ਪਈ ਹੈ । ਦੱਸ ਦਈਏ ਕਿ ਕੈਨੇਡੀਅਨ ਲੋਕਾਂ ਨੂੰ ਸੀ. ਆਰ. ਏ. , ਬੈਂਕ ਜਾਂਚਕਰਤਾ ਜਾਂ ਆਰ. ਸੀ. ਐੱਮ. ਪੀ. ਦੇ ਨਕਲੀ ਅਫ਼ਸਰ ਬਣਕੇ ਫੋਨਾਂ ਜ਼ਰੀਏ ਠੱਗਣ ਦਾ ਸਿਲਸਿਲਾ ਲੰਮੇ ਸਮੇਂ ਤੋਂ ਚੱਲ ਰਿਹਾ ਹੈ।