ਬਾਰਡਰ ਪੈਟਰੋਲਿੰਗ ਏਜੰਟਾਂ ਨੂੰ ਨੌਕਰੀ ਜਾਣ ਦਾ ਡਰ, ਟੈਕਸਾਸ ਦੇ ਗਵਰਨਰ ਵੱਲੋਂ ਨਿਯੁਕਤੀ ਦਾ ਭਰੋਸਾ
Tuesday, Sep 28, 2021 - 12:14 AM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕਾ ਦੀ ਸਟੇਟ ਟੈਕਸਾਸ ਵਿੱਚ ਪਿਛਲੇ ਦਿਨੀਂ ਹਜ਼ਾਰਾਂ ਦੀ ਤਾਦਾਦ ਵਿੱਚ ਗੈਰ-ਕਾਨੂੰਨੀ ਪ੍ਰਵਾਸੀ ਸਰਹੱਦ ਪਾਰ ਕਰਕੇ ਇੱਕ ਪੁਲ ਹੇਠਾਂ ਇਕੱਠੇ ਹੋ ਗਏ ਹਨ। ਬਾਈਡੇਨ ਪ੍ਰਸ਼ਾਸਨ ਵੱਲੋਂ ਇਸ ਸਮੱਸਿਆ ਲਈ ਕੁੱਝ ਹੱਦ ਤੱਕ ਬਾਰਡਰ ਪੈਟਰੋਲ ਏਜੰਟਾਂ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਇਸ ਸਬੰਧੀ ਪੈਟਰੋਲ ਏਜੰਟਾਂ ਦੀਆਂ ਕੁੱਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਮੰਨਿਆ ਜਾ ਰਿਹਾ ਹੈ ਕਿ ਏਜੰਟਾਂ ਨੇ ਆਪਣੇ ਘੋੜਿਆਂ ਦੀਆਂ ਲਗਾਮਾਂ ਦੀ ਵਰਤੋਂ ਪ੍ਰਵਾਸੀਆਂ ਨੂੰ ਰੋਕਣ ਲਈ ਘੋੜਿਆਂ ਦੇ ਰੂਪ ਵਿੱਚ ਕੀਤੀ।
ਇਹ ਵੀ ਪੜ੍ਹੋ - ਅਮਰੀਕਾ: ਰਾਈਕਰਜ਼ ਜੇਲ੍ਹ ਦੇ 200 ਕੈਦੀਆਂ ਨੂੰ ਹੋਰ ਜੇਲ੍ਹਾਂ 'ਚ ਕੀਤਾ ਤਬਦੀਲ
ਇਸ ਲਈ ਕਈ ਪੈਟਰੋਲ ਏਜੰਟਾਂ ਨੂੰ ਬਾਈਡੇਨ ਦੁਆਰਾ ਸ਼ੁੱਕਰਵਾਰ ਨੂੰ ਦਿੱਤੀਆਂ ਟਿੱਪਣੀਆਂ ਤੋਂ ਬਾਅਦ ਆਪਣੀ ਨੌਕਰੀ ਖੁੱਸਣ ਦਾ ਡਰ ਹੈ ਪਰ ਇਸ ਮਾਮਲੇ ਵਿੱਚ ਬੋਲਦਿਆਂ ਟੈਕਸਾਸ ਦੇ ਗਵਰਨਰ ਗ੍ਰੇਗ ਐਬੋਟ ਨੇ ਕਿਹਾ ਕਿ, ਉਨ੍ਹਾਂ ਦਾ ਸੂਬਾ ਕਿਸੇ ਵੀ ਬਾਰਡਰ ਪੈਟਰੋਲਿੰਗ ਏਜੰਟਾਂ ਨੂੰ ਨੌਕਰੀ 'ਤੇ ਰੱਖੇਗਾ, ਜਿਨ੍ਹਾਂ ਨੂੰ ਰਾਸ਼ਟਰਪਤੀ ਬਾਈਡੇਨ ਦੁਆਰਾ ਬਰਖਾਸਤ ਕੀਤੇ ਜਾਣ ਦਾ ਡਰ ਹੈ। ਇਸ ਰਿਪਬਲਿਕਨ ਗਵਰਨਰ ਨੇ ਕਿਹਾ ਕਿ ਉਹ ਟੈਕਸਾਸ ਦੀ ਸਰਹੱਦ ਨੂੰ ਸੁਰੱਖਿਅਤ ਕਰਨ ਵਿੱਚ ਸਹਾਇਤਾ ਲਈ ਇਨ੍ਹਾਂ ਏਜੰਟਾਂ ਨੂੰ ਨਿਯੁਕਤ ਕਰੇਗਾ। ਟੈਕਸਾਸ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਵਧ ਰਹੀ ਆਮਦ ਲਈ ਐਬੋਟ ਨੇ ਬਾਈਡੇਨ ਪ੍ਰਸ਼ਾਸਨ ਨੂੰ ਜਿੰਮੇਵਾਰ ਦੱਸਿਆ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।