ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਦਾ ਸੈਕਰਾਮੈਂਟੋ ਪੁੱਜਣ ‘ਤੇ ਨਿੱਘਾ ਸਵਾਗਤ
Thursday, May 19, 2022 - 02:08 PM (IST)
ਸੈਕਰਾਮੈਂਟੋ (ਰਾਜ ਗੋਗਨਾ): ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਅੱਜ-ਕੱਲ੍ਹ ਕੈਲੀਫੋਰਨੀਆ ਦੇ ਨਿੱਜੀ ਦੌਰੇ ‘ਤੇ ਹਨ। ਇਸ ਦੌਰਾਨ ਉਹ ਵੱਖ-ਵੱਖ ਥਾਂਵਾਂ ‘ਤੇ ਪਾਰਟੀ ਵਰਕਰਾਂ ਨੂੰ ਵੀ ਮਿਲ ਰਹੇ ਹਨ। ਮਾਊਂਟੇਨ ਮਾਈਕ ਪੀਜ਼ਾ, ਬਰਾਡਸ਼ਾਹ ਰੋਡ ਵਿਖੇ ਹੋਏ ਇਕ ਭਰਵੇਂ ਸਮਾਗਮ ਦੌਰਾਨ ਉਨ੍ਹਾਂ ਬੋਲਦਿਆਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹਰਮਨਪਿਆਰੀ ਬਣਦੀ ਜਾ ਰਹੀ ਹੈ। ਪੰਜਾਬ ਵਿਚ ਪਿਛਲੇ 75 ਸਾਲਾਂ ਤੋਂ ਪੂਰਾ ਸਿਸਟਮ ਵਿਗੜਿਆ ਹੋਇਆ ਹੈ, ਜਿਸ ਨੂੰ ਸੁਧਾਰਨ ਲਈ ਆਮ ਆਦਮੀ ਪਾਰਟੀ ਆਉਣ ਵਾਲੇ ਪੰਜਾਂ ਸਾਲਾਂ ਵਿਚ ਆਪਣਾ ਭਰਪੂਰ ਯਤਨ ਕਰੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰੀ ‘ਤੇ ਨੱਥ ਪਾਈ ਜਾ ਰਹੀ ਹੈ। ਇਸ ਦੇ ਨਾਲ-ਨਾਲ ਲੋਕਾਂ ਵੱਲੋਂ ਪੇਂਡੂ ਇਲਾਕਿਆਂ ਵਿਚ ਵੱਡੀ ਗਿਣਤੀ ਵਿਚ ਕੀਤੇ ਕਬਜ਼ੇ ਛੁਡਾਏ ਜਾ ਰਹੇ ਹਨ, ਜਿਸ ਦਾ ਬੜਾ ਭਰਵਾਂ ਹੁੰਗਾਰਾ ਮਿਲਿਆ ਹੈ। ਨਸ਼ਾ ਤਸਕਰੀ ‘ਤੇ ਸਰਕਾਰ ਵੱਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਉਨ੍ਹਾਂ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਨੂੰ ਕਿਹਾ ਕਿ ਪੰਜਾਬ ਵਿਚ ਜਲਦ ਹੀ ਇਕ ਚੰਗਾ ਮਾਹੌਲ ਪੈਦਾ ਕੀਤਾ ਜਾਵੇਗਾ, ਜਿਸ ਨਾਲ ਪ੍ਰਵਾਸੀ ਪੰਜਾਬੀ ਖੁਦ-ਬ-ਖੁਦ ਪੰਜਾਬ ਵਿਚ ਨਿਵੇਸ਼ ਕਰਨ ਬਾਰੇ ਸੋਚਣਗੇ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ : ਗੈਰ-ਕਾਨੂੰਨੀ ਢੰਗ ਨਾਲ ਕੰਪਿਊਟਰ ਉਪਕਰਨ ਨਿਰਯਾਤ ਕਰਨ 'ਤੇ ਪਾਕਿਸਤਾਨੀ ਉਦਯੋਗਪਤੀ ਨੂੰ ਜੇਲ੍ਹ
ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਦੀ ਸਿਫਤ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਰਹਿਨੁਮਾਈ ਹੇਠ ਪੰਜਾਬ ਜਲਦ ਹੀ ਲੀਹ ‘ਤੇ ਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਲਿੰਦਰ ਗਿੱਲ, ਗੁਰਜਤਿੰਦਰ ਸਿੰਘ ਰੰਧਾਵਾ, ਬਲਵਿੰਦਰ ਸਿੰਘ ਡੁਲਕੂ, ਚਰਨ ਸਿੰਘ ਜੱਜ, ਜਸਪ੍ਰੀਤ ਸਿੰਘ, ਨਵਜੀਤ ਸਿੰਘ ਰੀਨੋ, ਜੇ.ਪੀ. ਸਿੰਘ, ਡਾ. ਪਰਮਜੀਤ ਸਿੰਘ ਰੰਧਾਵਾ, ਗੁਰਦੀਪ ਸਿੰਘ ਗਿੱਲ, ਗੁਰਿੰਦਰ ਸਿੰਘ (ਗੈਰੀ) ਬਾਜਵਾ ਅਤੇ ਗੁਰਮੇਲ ਸਿੰਘ ਪਹਿਲਵਾਨ ਨੇ ਵੀ ਸੰਬੋਧਨ ਕੀਤਾ।